ਭੋਗਪੁਰ : ਜਲੰਧਰ ਵਿਖੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਾਂ-ਧੀ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਭੋਗਪੁਰ 'ਚ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਜੁਗਾੜੂ ਮੋਟਰਸਾਈਕਲ ਰੇਹੜੇ, ਜਿਸ ’ਤੇ ਤਿੰਨ ਔਰਤਾਂ ਸਵਾਰ ਸਨ, ਨੂੰ ਇਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਾਂ ਅਤੇ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਸ ਜੁਗਾੜੂ ਰੇਹੜੇ ਨੂੰ ਚਲਾ ਰਹੀ ਤੀਜੀ ਕੁੜੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।
ਜਾਣਕਾਰੀ ਅਨੁਸਾਰ ਬੀਤੇ ਦਿਨ ਪਿੰਕੀ ਧਰਮ ਪਤਨੀ ਜਾਵੇਦ ਆਪਣੀ ਪੁੱਤਰੀ ਜੋਇਦਾ ਅਤੇ ਅਬੀਦਾ ਨਾਲ ਇਸ ਜਗਾੜੂ ਮੋਟਰਸਾਈਕਲ ਰੇਹੜੇ ’ਤੇ ਸਵਾਰ ਹੋ ਕੇ ਹਰ ਰੋਜ਼ ਦੀ ਤਰ੍ਹਾਂ ਸ਼ਹਿਰ ਦੇ ਕੂੜਾ-ਕਰਕਟ ’ਚੋਂ ਸਾਮਾਨ ਕੱਢਣ ਲਈ ਭੋਗਪੁਰ ਸ਼ਹਿਰ ਵਿਚ ਕੂੜੇ ਦੇ ਭਾਲ ਕਰਦਿਆਂ ਜੀ. ਟੀ. ਰੋਡ ’ਤੇ ਜਾ ਰਹੀਆਂ ਸਨ ਕਿ ਰੇਲਵੇ ਰੋਡ ਚੌਕ ’ਚ ਪਿੱਛੋਂ ਜਲੰਧਰ ਵੱਲ ਆ ਰਹੀ ਇਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਇਸ ਰੇਹੜੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਨਾਲ ਪਿੱਛੇ ਬੈਠੀਆਂ ਦੋ ਮਾਵਾਂ-ਧੀਆਂ ਪਿੰਕੀ ਧਰਮ ਪਤਨੀ ਜਾਵੇਦ ਅਤੇ ਉਸ ਦੀ ਪੁੱਤਰੀ ਜੋਇਦਾ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ ਅਤੇ ਇਸ ਰੇਹੜੇ ਵਿਚ ਸਵਾਰ ਤੀਜੀ ਲੜਕੀ ਅਬੀਦਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ।
ਜਾਣਕਾਰੀ ਮਿਲਣ ’ਤੇ ਪੁਲਸ ਸੁਰੱਖਿਆ ਫੋਰਸ ਦੀ ਗੱਡੀ ਦੇ ਇੰਚਾਰਜ ਰਣਜੀਤ ਸਿੰਘ ਸਾਥੀ ਕਰਮਚਾਰੀਆਂ ਨਾਲ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਅਤੇ ਇਸ ਹਾਦਸਾਗ੍ਰਸਤ ਮੋਟਰਸਾਈਕਲ ਰੇਹੜੇ ਨੂੰ ਘਟਨਾ ਵਾਲੀ ਥਾਂ ਤੋਂ ਪਾਸੇ ਕਰਕੇ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਲਾਇਆ। ਬੱਸ ਚਾਲਕ ਬੱਸ ਸਮੇਤ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਬੱਸ ਨੂੰ ਥਾਣੇ ਭੋਗਪੁਰ ’ਚ ਲਿਆਂਦਾ ਗਿਆ।
ਚੌਲਾਂਗ ਟੋਲ ਪਲਾਜ਼ਾ ਤੋਂ ਬੱਸ ਦੀ ਵੀਡੀਓ ਫੁਟੇਜ ਹਾਸਲ ਕਰਕੇ ਬੱਸ ਚਾਲਕ ਖਿਲਾਫ਼ ਮਾਮਲਾ ਦਰਜ: ਐੱਸ. ਐੱਚ. ਓ. ਅਰੋੜਾ
ਇਸ ਮਾਮਲੇ ਸਬੰਧੀ ਥਾਣਾ ਭੋਗਪੁਰ ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਾਪਰੇ ਹਾਦਸੇ ਦੀ ਵੀਡੀਓ ਸ਼ਹਿਰ ਦੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਸੀ, ਜਿਸ ਨੂੰ ਹਾਸਲ ਕਰਨ ਤੋਂ ਬਾਅਦ ਪੁਲਸ ਵੱਲੋਂ ਚੌਲਾਂਗ ਟੋਲ ਪਲਾਜ਼ਾ ਤੋਂ ਬੱਸ ਦੀ ਵੀਡੀਓ ਫੁਟੇਜ ਹਾਸਲ ਕੀਤੀ ਗਈ ਅਤੇ ਬੱਸ ਦਾ ਨੰਬਰ ਮਿਲ ਗਿਆ, ਜਿਸ ਤੋਂ ਬਾਅਦ ਬੱਸ ਨੰਬਰ ਦੇ ਆਧਾਰ ’ਤੇ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚਾਲਕ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।