ਮਾਜਰੀ/ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਪ੍ਰੀਤ ਪੱਤੀ) : ਪੀ.ਐਚ.ਸੀ.ਬੂਥਗੜ੍ਹ ਵੱਲੋਂ ਲੜਕੀਆਂ ਨੂੰ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਐਚ ਪੀ ਵੀ (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨ ਸੰਬੰਧੀ ਵਿਸ਼ੇਸ਼ ਜਾਗਰੂਕਤਾ ਸੈਸ਼ਨ ਲਗਾਇਆ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਡਾ.ਅਲਕਜੋਤ ਕੌਰ ਨੇ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਐਚ ਪੀ ਵੀ ਵੈਕਸੀਨ ਦੀ ਮਹੱਤਤਾ ਅਤੇ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਬਾਰੇ ਜਾਣੂ ਕਰਵਾਉਣਾ ਸੀ। ਉਹਨਾਂ ਨੇ ਕਿਹਾ ਕਿ ਇਹ ਇੱਕ ਗੰਭੀਰ ਬਿਮਾਰੀ ਹੈ, ਪਰ ਸਮੇਂ ਸਿਰ ਜਾਗਰੂਕਤਾ ਅਤੇ ਟੀਕਾਕਰਨ ਰਾਹੀਂ ਇਸ ਤੋਂ ਬਚਾਅ ਸੰਭਵ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪੀ ਐਚ ਸੀ ਬੂਥਗੜ੍ਹ ਵਿਖੇ ਉਪਲਬਧ ਹੈ। ਇਸ ਦੌਰਾਨ ਡਾ.ਕਿਰਨਦੀਪ ਕੌਰ ਅਤੇ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਤੋਂ ਇੰਟਰਨ ਡਾ. ਆਸ਼ੂ, ਡਾ. ਅਰਚਨਾ, ਡਾ. ਅਰਪਿਤ, ਡਾ. ਅਰਪਨ ਅਤੇ ਡਾ. ਬਿਸਮਨਜੋਤ ਵੱਲੋਂ ਲੋਕਾਂ ਨੂੰ ਐਚ ਪੀ ਵੀ ਵਾਇਰਸ ਦੇ ਫੈਲਾਅ, ਇਸ ਦੇ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।