ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਹਿੰਦੂ ਧਰਮ ਛੱਡ ਕੇ ਈਸਾਈ ਧਰਮ ਅਪਣਾ ਲੈਂਦਾ ਹੈ, ਤਾਂ ਉਹ ਅਨੁਸੂਚਿਤ ਜਾਤੀ (SC) ਦਾ ਦਰਜਾ ਗੁਆ ਬੈਠਦਾ ਹੈ। ਜਸਟਿਸ ਪੀ.ਕੇ. ਮਿਸ਼ਰਾ ਅਤੇ ਜਸਟਿਸ ਐੱਨ.ਵੀ. ਅੰਜਾਰੀਆ ਦੀ ਬੈਂਚ ਨੇ ਫੈਸਲਾ ਸੁਣਾਇਆ ਕਿ ਈਸਾਈ ਧਰਮ 'ਚ ਪਰਿਵਰਤਿਤ ਹੋਣ ਵਾਲਾ ਵਿਅਕਤੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ, 1989 ਦਾ ਲਾਭ ਨਹੀਂ ਲੈ ਸਕੇਗਾ।
ਸਿਰਫ਼ ਹਿੰਦੂ, ਸਿੱਖ ਅਤੇ ਬੌਧ ਧਰਮ ਵਾਲਿਆਂ ਨੂੰ ਹੀ ਮਿਲੇਗਾ ਲਾਭ
ਅਦਾਲਤ ਨੇ ਆਪਣੇ ਫੈਸਲੇ 'ਚ ਸਾਫ਼ ਕੀਤਾ ਕਿ ਸੰਵਿਧਾਨਕ ਨਿਯਮਾਂ ਅਨੁਸਾਰ ਕੇਵਲ ਉਹ ਵਿਅਕਤੀ ਹੀ ਅਨੁਸੂਚਿਤ ਜਾਤੀ ਦਾ ਦਰਜਾ ਪ੍ਰਾਪਤ ਕਰ ਸਕਦੇ ਹਨ ਜੋ ਹਿੰਦੂ, ਸਿੱਖ ਜਾਂ ਬੌਧ ਧਰਮ ਨੂੰ ਮੰਨਦੇ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਤਿੰਨਾਂ ਧਰਮਾਂ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਅਪਣਾਉਂਦਾ ਹੈ, ਤਾਂ ਉਸ ਨੂੰ ਅਨੁਸੂਚਿਤ ਜਾਤੀ ਦਾ ਮੈਂਬਰ ਨਹੀਂ ਮੰਨਿਆ ਜਾ ਸਕਦਾ।
ਕੀ ਸੀ ਪੂਰਾ ਮਾਮਲਾ?
ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਇਕ ਪਾਦਰੀ ਚਿੰਥਦਾ ਆਨੰਦ ਨਾਲ ਜੁੜਿਆ ਹੋਇਆ ਸੀ। ਆਨੰਦ ਨੇ ਦੋਸ਼ ਲਗਾਇਆ ਸੀ ਕਿ ਉਸ ਨਾਲ ਜਾਤੀਗਤ ਵਿਤਕਰਾ ਹੋਇਆ ਹੈ ਅਤੇ ਉਸ ਨੇ SC/ST ਐਕਟ ਤਹਿਤ FIR ਦਰਜ ਕਰਵਾਈ ਸੀ। ਹਾਲਾਂਕਿ, ਜਾਂਚ 'ਚ ਸਾਹਮਣੇ ਆਇਆ ਕਿ ਉਹ ਪਿਛਲੇ ਇਕ ਦਹਾਕੇ ਤੋਂ ਈਸਾਈ ਧਰਮ ਦਾ ਪਾਲਣ ਕਰ ਰਿਹਾ ਸੀ ਅਤੇ ਪਾਦਰੀ ਵਜੋਂ ਐਤਵਾਰ ਦੀਆਂ ਪ੍ਰਾਰਥਨਾਵਾਂ ਵੀ ਕਰਵਾਉਂਦਾ ਸੀ। ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਪਾਦਰੀ ਦੀ ਸ਼ਿਕਾਇਤ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਕਿ ਈਸਾਈ ਬਣਨ ਤੋਂ ਬਾਅਦ ਉਸ ਨੇ ਆਪਣਾ SC ਸਟੇਟਸ ਗੁਆ ਦਿੱਤਾ ਹੈ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਈਸਾਈ ਧਰਮ 'ਚ ਜਾਤੀਗਤ ਵਿਤਕਰਾ ਮੌਜੂਦ ਨਹੀਂ ਹੈ, ਇਸ ਲਈ ਅਜਿਹਾ ਵਿਅਕਤੀ SC ਐਕਟ ਤਹਿਤ ਸੁਰੱਖਿਆ ਦਾ ਦਾਅਵਾ ਨਹੀਂ ਕਰ ਸਕਦਾ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਇਸੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।
SC ਸਰਟੀਫਿਕੇਟ ਹੋਣ ਦੇ ਬਾਵਜੂਦ ਨਹੀਂ ਮਿਲੇਗੀ ਮਦਦ
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵਿਅਕਤੀ ਕੋਲ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਮੌਜੂਦ ਹੈ, ਪਰ ਉਹ ਸਰਗਰਮ ਰੂਪ 'ਚ ਈਸਾਈ ਧਰਮ ਦਾ ਪਾਲਣ ਕਰ ਰਿਹਾ ਹੈ, ਤਾਂ ਉਹ ਸਰਟੀਫਿਕੇਟ ਉਸ ਦੀ ਮਦਦ ਨਹੀਂ ਕਰੇਗਾ। ਧਰਮ ਪਰਿਵਰਤਨ ਤੋਂ ਬਾਅਦ ਉਸ ਦੀ ਅਨੁਸੂਚਿਤ ਜਾਤੀ ਵਾਲੀ ਸਥਿਤੀ ਆਪਣੇ ਆਪ ਅਵੈਧ ਹੋ ਜਾਂਦੀ ਹੈ।