ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਹਤ ਵਿਭਾਗ, ਪੰਜਾਬ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਅਤੇ ਸੁਚੱਜੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਿਵਲ ਸਰਜਨ ਡਾ ਗੀਤਾਂਜਲੀ ਸਿੰਘ ਵੱਲੋਂ ਆਮ ਆਦਮੀ ਕਲੀਨਿਕ, ਨਵਾਂਸ਼ਹਿਰ ਅਤੇ ਆਮ ਆਦਮੀ ਕਲੀਨਿਕ, ਪੰਡੌਰਾ ਮੁਹੱਲਾ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਮਰੀਜ਼ਾਂ ਦੀ ਓ.ਪੀ.ਡੀ., ਸਟਾਫ਼ ਦੀ ਕਾਰਗੁਜ਼ਾਰੀ, ਦਵਾਈਆਂ ਦੀ ਉਪਲੱਬਧਤਾ, ਲੈਬ ਟੈਸਟਾਂ ਅਤੇ ਰਿਕਾਰਡ ਦੇ ਰੱਖ-ਰਖਾਅ ਦੀ ਸਮੀਖਿਆ ਕੀਤੀ ਗਈ।
ਸਿਵਲ ਸਰਜਨ ਡਾ ਗੀਤਾਂਜਲੀ ਸਿੰਘ ਨੇ ਹਦਾਇਤ ਕੀਤੀ ਕਿ ਹਰੇਕ ਮਰੀਜ਼ ਦੀ ਜਾਂਚ ਸਮੇਂ ਬਲੱਡ ਪ੍ਰੈਸ਼ਰ, ਕੱਦ, ਭਾਰ ਅਤੇ ਹੋਰ ਲੋੜੀਂਦੇ ਸਿਹਤ ਮਾਪਦੰਡਾਂ ਦੀ ਐਂਟਰੀ ਸਿਹਤ ਰਿਕਾਰਡ ਵਿੱਚ ਲਾਜ਼ਮੀ ਤੌਰ 'ਤੇ ਕੀਤੀ ਜਾਵੇ। ਉਨ੍ਹਾਂ ਆਭਾ ਆਈ.ਡੀ. ਬਣਾਉਣ ਅਤੇ ਇਸ ਦੀ ਵਰਤੋਂ ਸਬੰਧੀ ਵੀ ਸਟਾਫ਼ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਡਿਜੀਟਲ ਸਿਹਤ ਰਿਕਾਰਡ ਨੂੰ ਸੁਚੱਜੇ ਢੰਗ ਨਾਲ ਅਪਡੇਟ ਰੱਖਣ ਲਈ ਕਿਹਾ।
ਉਨ੍ਹਾਂ ਕਲੀਨਿਕਾਂ ਵਿੱਚ ਉਪਲੱਬਧ 107 ਕਿਸਮਾਂ ਦੀਆਂ ਦਵਾਈਆਂ ਦੇ ਸਟਾਕ ਅਤੇ ਉਪਲੱਬਧਤਾ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਣ। ਇਸ ਤੋਂ ਇਲਾਵਾ ਨਿਰਧਾਰਤ ਲੈਬ ਟੈਸਟਾਂ ਦੀ ਸਹੂਲਤ, ਟੈਸਟਾਂ ਦੀ ਰਿਪੋਰਟ ਅਤੇ ਸਬੰਧਤ ਰਿਕਾਰਡ ਨੂੰ ਸਹੀ ਢੰਗ ਨਾਲ ਸੰਭਾਲਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਅਤੇ ਸਮੇਂ ਸਿਰ ਰੈਫਰਲ, ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉੱਚਿਤ ਸਿਹਤ ਸੰਸਥਾਵਾਂ ਵਿਖੇ ਰੈਫਰ ਕਰਨ ਅਤੇ ਕੁੱਤੇ ਦੇ ਵੱਢਣ ਦੇ ਮਾਮਲਿਆਂ ਵਿੱਚ ਤੁਰੰਤ ਲੋੜੀਂਦਾ ਇਲਾਜ ਤੇ ਐਂਟੀ-ਰੇਬੀਜ਼ ਟੀਕਾਕਰਨ ਸੇਵਾਵਾਂ ਯਕੀਨੀ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ।
ਸਿਵਲ ਸਰਜਨ ਨੇ ਬਾਇਓਮੈਡੀਕਲ ਵੇਸਟ ਦੇ ਨਿਯਮਾਂ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਨਿਪਟਾਰੇ, ਕਲੀਨਿਕਾਂ ਦੀ ਸਾਫ਼-ਸਫ਼ਾਈ ਅਤੇ ਇੰਫੈਕਸ਼ਨ ਕੰਟਰੋਲ ਪ੍ਰਬੰਧਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨਾਲ ਸੁਚੱਜਾ ਵਿਵਹਾਰ, ਸਮੇਂ ਸਿਰ ਜਾਂਚ ਅਤੇ ਮਿਆਰੀ ਇਲਾਜ ਸਿਹਤ ਸੇਵਾਵਾਂ ਦਾ ਅਹਿਮ ਹਿੱਸਾ ਹਨ। ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਤਾਂ ਜੋ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ਵਿੱਚ ਵਿਸ਼ਵਾਸ ਹੋਰ ਮਜ਼ਬੂਤ ਹੋ ਸਕੇ।