ਦੁਬਈ : ਭਾਰਤ ਦਾ ਹਮਲਾਵਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਨਵੀਂ ਬੱਲੇਬਾਜ਼ੀ ਰੈਂਕਿੰਗ ’ਚ ਬੁੱਧਵਾਰ ਨੂੰ ਇਕ ਸਥਾਨ ਦੇ ਫਾਇਦੇ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਿਆ। ਇੰਗਲੈਂਡ ਖਿਲਾਫ ਪਿਛਲੇ ਹਫਤੇ 1 ਹੀ ਟੈਸਟ ਦੀਆਂ ਦੋਨੋਂ ਪਾਰੀਆਂ ’ਚ ਸੈਂਕੜੇ ਜੜਨ ਵਾਲਾ ਸਿਰਫ ਦੂਜਾ ਵਿਕਟਕੀਪਰ ਬਣਿਆ ਪੰਤ ਦੇ ਕਰੀਅਰ ਦੇ ਸਰਵਸ਼੍ਰੇਸ਼ਠ 801 ਰੇਟਿੰਗ ਅੰਕ ਹਨ। ਉਹ ਟਾਪ ’ਤੇ ਚੱਲ ਰਹੇ ਇੰਗਲੈਂਡ ਦੇ ਜੋ ਰੂਟ ਤੋਂ ਸਿਰਫ 88 ਅੰਕ ਪਿੱਛੇ ਹੈ। ਪੰਤ ਨੇ ਜੁਲਾਈ 2022 ’ਚ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿੰਗ ਹਾਸਲ ਕੀਤੀ ਸੀ।
ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਚੌਥੇ ਸਥਾਨ ’ਤੇ ਬਰਕਰਾਰ ਹੈ ਅਤੇ ਬੱਲੇਬਾਜ਼ਾਂ ਦੀ ਸੂਚੀ ’ਚ ਟਾਪ ਭਾਰਤੀ ਹੈ। ਕਪਤਾਨ ਸ਼ੁੱਭਮਨ ਗਿੱਲ 1 ਸਥਾਨ ਦੇ ਨੁਕਸਾਨ ਨਾਲ 21ਵੇਂ ਰੈਂਕ ’ਤੇ ਹੈ। ਭਾਰਤ ਖਿਲਾਫ ਹੇਡਿੰਗਲੇ ਟੈਸਟ ’ਚ 28 ਅਤੇ ਅਜੇਤੂ 53 ਦੌੜਾਂ ਦੀ ਪਾਰੀ ਖੇਡਣ ਵਾਲੇ ਰੂਟ ਨੇ ਦੂਸਰੇ ਸਥਾਨ ’ਤੇ ਕਾਬਿਜ਼ ਇੰਗਲੈਂਡ ਦੇ ਆਪਣੇ ਹਮਵਤਨ ਹੈਰੀ ਬਰੂਕ ’ਤੇ 15 ਅੰਕਾਂ ਦੀ ਬੜ੍ਹਤ ਬਣਾ ਕੇ ਰੱਖੀ ਹੈ। ਭਾਰਤ ਖਿਲਾਫ ਪਹਿਲੇ ਟੈਸਟ ਦੀ ਦੂਸਰੀ ਪਾਰੀ ’ਚ 149 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਵਾਲਾ ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਡਕੇਟ ਕਰੀਅਰ ਦੇ ਸਰਵਸ਼੍ਰੇਸ਼ਠ 8ਵੇਂ ਸਥਾਨ ’ਤੇ ਹੈ।
ਗੇਂਦਬਾਜ਼ੀ ਰੈਂਕਿੰਗ ’ਚ ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦਾ ਅਗਵਾਕਾਰ ਜਸਪ੍ਰੀਤ ਬੁਮਰਾਹ 907 ਰੇਟਿੰਗ ਅੰਕਾਂ ਨਾਲ ਟਾਪ ’ਤੇ ਕਾਇਮ ਹੈ। ਉਸ ਨੇ ਇੰਗਲੈਂਡ ਖਿਲਾਫ ਪਹਿਲੇ ਟੈਸਟ ਦੀ ਪਹਿਲੀ ਪਾਰੀ ’ਚ 5 ਵਿਕਟਾਂ ਲਈਆਂ ਸਨ। ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਅਤੇ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ ’ਤੇ ਬਰਕਰਾਰ ਹਨ। ਜੋਸ਼ ਹੇਜਲਵੁੱਡ 1 ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ।