ਮਾਸਕੋ/ਨਵੀਂ ਦਿੱਲੀ: ਮੱਧ ਪੂਰਬ ਵਿੱਚ ਜਾਰੀ ਜੰਗ ਅਤੇ ਭਾਰਤ ਵਿੱਚ ਗੈਸ-ਸਿਲੰਡਰਾਂ ਦੀ ਹੋ ਰਹੀ ਕਿੱਲਤ ਦੇ ਵਿਚਕਾਰ ਰੂਸ ਇੱਕ ਵਾਰ ਫਿਰ ਭਾਰਤ ਲਈ 'ਸੰਕਟਮੋਚਕ' ਬਣ ਕੇ ਸਾਹਮਣੇ ਆਇਆ ਹੈ। ਰੂਸ ਨੇ ਭਾਰਤ ਨੂੰ ਐੱਲ.ਐੱਨ.ਜੀ. (Liquefied Natural Gas) ਦੀ ਸਪਲਾਈ ਦੇਣ ਦੀ ਵੱਡੀ ਪੇਸ਼ਕਸ਼ ਕੀਤੀ ਹੈ, ਜੋ ਕਿ ਦੇਸ਼ ਵਿੱਚ ਵਧ ਰਹੇ ਊਰਜਾ ਸੰਕਟ ਨੂੰ ਹੱਲ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
ਰੂਸੀ ਰਾਜਦੂਤ ਦਾ ਵੱਡਾ ਬਿਆਨ
ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਰੂਸ ਭਾਰਤ ਨੂੰ ਸਿੱਧੇ ਤੌਰ 'ਤੇ LNG ਸਪਲਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਪਿਛਲੇ ਕਰਾਰਾਂ ਵਿੱਚ ਰੁਕਾਵਟ ਆਈ ਸੀ, ਪਰ ਹੁਣ ਰੂਸ ਭਾਰਤ ਨੂੰ ਗੈਸ ਭੇਜਣ ਲਈ ਨਵੇਂ ਕੂਟਨੀਤਕ ਰਸਤੇ ਤਲਾਸ਼ ਰਿਹਾ ਹੈ।
ਪਾਬੰਦੀਆਂ ਕਾਰਨ ਰੁਕੀ ਸੀ ਸਪਲਾਈ
ਜ਼ਿਕਰਯੋਗ ਹੈ ਕਿ ਭਾਰਤੀ ਕੰਪਨੀ GAIL ਨੇ ਰੂਸ ਦੀ ਸਰਕਾਰੀ ਕੰਪਨੀ ਗਜ਼ਪ੍ਰੋਮ (Gazprom) ਨਾਲ 20 ਸਾਲਾਂ ਲਈ ਇੱਕ ਲੰਬਾ ਕਰਾਰ ਕੀਤਾ ਸੀ। ਇਸ ਸਮਝੌਤੇ ਤਹਿਤ ਰੂਸ ਨੇ ਹਰ ਸਾਲ 25 ਲੱਖ ਟਨ ਐੱਲ.ਐੱਨ.ਜੀ. ਦੀ ਸਪਲਾਈ ਕਰਨੀ ਸੀ। ਪਰ ਯੂਕਰੇਨ ਜੰਗ ਤੋਂ ਬਾਅਦ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਕਾਰਨ ਇਹ ਸਪਲਾਈ ਰੁਕ ਗਈ ਸੀ। ਹੁਣ ਈਰਾਨ-ਇਜ਼ਰਾਈਲ ਜੰਗ ਦੌਰਾਨ ਜਦੋਂ ਭਾਰਤ ਵਿੱਚ ਊਰਜਾ ਦੀ ਮੰਗ ਵਧੀ ਹੈ, ਤਾਂ ਰੂਸ ਨੇ ਮੁੜ ਮਦਦ ਦਾ ਹੱਥ ਵਧਾਇਆ ਹੈ।
"ਭਾਰਤ ਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ"
ਰੂਸੀ ਰਾਜਦੂਤ ਨੇ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਦਾ ਜ਼ੋਰਦਾਰ ਬਚਾਅ ਕਰਦਿਆਂ ਅਮਰੀਕਾ ਸਮੇਤ ਹੋਰ ਦੇਸ਼ਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਨੂੰ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਕਿਸੇ ਵੀ ਦੇਸ਼ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।
ਆਮ ਜਨਤਾ ਨੂੰ ਮਿਲੇਗੀ ਰਾਹਤ
ਰੂਸ ਤੋਂ ਗੈਸ ਦੀ ਸਪਲਾਈ ਸ਼ੁਰੂ ਹੋਣ ਨਾਲ ਭਾਰਤ ਦੇ ਨਾਗਰਿਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਹ ਸੌਦਾ ਦੁਨੀਆ ਦੇ ਸਭ ਤੋਂ ਸਸਤੇ ਐੱਲ.ਐੱਨ.ਜੀ. ਸੌਦਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਦੀ ਅੰਦਾਜ਼ਨ ਕੀਮਤ 20 ਸਾਲਾਂ ਲਈ 25 ਬਿਲੀਅਨ ਡਾਲਰ ਹੈ।ਅਜਿਹੇ ਸਮੇਂ ਵਿੱਚ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਰਹੀਆਂ ਹਨ, ਰੂਸ ਦੀ ਇਹ ਪੇਸ਼ਕਸ਼ ਭਾਰਤ ਲਈ ਇੱਕ ਰਣਨੀਤਕ ਜਿੱਤ ਵਜੋਂ ਦੇਖੀ ਜਾ ਰਹੀ ਹੈ।