ਹਰਿਆਣਾ ਸਰਕਾਰ ਨੇ ਐਤਵਾਰ ਸ਼ਾਮ ਨੂੰ ਹਰਿਆਣਾ ਪੁਲਸ ਸੇਵਾ (HPS) ਦੇ 49 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਤਬਾਦਲਿਆਂ ਵਿਚ ਕਈ ਜ਼ਿਲ੍ਹਿਆਂ ਦੇ DSP ਅਤੇ ACP ਰੈਂਕ ਦੇ ਅਧਿਕਾਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਸਰਕਾਰ ਵਲੋਂ ਕਈ IPS ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਜਾ ਚੁੱਕੇ ਹਨ। ਇਹ ਹੁਕਮ ਸੂਬੇ ਦੀ ਗ੍ਰਹਿ ਸਕੱਤਰ ਡਾ. ਸੁਮਿੱਤਰਾ ਮਿਸ਼ਰਾ ਵਲੋਂ ਜਾਰੀ ਕੀਤੇ ਗਏ ਹਨ।
ਕਾਨੂੰਨ ਵਿਵਸਥਾ ਖ਼ਰਾਬ ਜ਼ਿਲ੍ਹਿਆਂ ਤੋਂ ਹਟਾਏ ਗਏ ਅਧਿਕਾਰੀ
ਸੂਤਰਾਂ ਮੁਤਾਬਕ ਜਿਨ੍ਹਾਂ ਜ਼ਿਲ੍ਹਿਆਂ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਸੀ ਅਤੇ ਪੁਲਸ ਖਿਲਾਫ਼ ਸ਼ਿਕਾਇਤਾਂ ਵੱਧ ਮਿਲ ਰਹੀਆਂ ਸਨ, ਉੱਥੋਂ ਦੇ ਅਧਿਕਾਰੀਆਂ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਨਾਲ ਹੀ ਅਜਿਹੀਆਂ ਥਾਵਾਂ 'ਤੇ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ, ਜਿੱਥੇ ਲੰਬੇ ਸਮੇਂ ਤੋਂ ਅਹੁਦੇ ਖਾਲੀ ਚੱਲ ਰਹੇ ਸਨ।
DSP ਜੈ ਭਗਵਾਨ ਦਾ ਤਬਾਦਲਾ ਚਰਚਾ 'ਚ
ਇਨ੍ਹਾਂ ਤਬਾਦਲਿਆਂ ਵਿਚੋਂ ਸਭ ਤੋਂ ਵੱਧ ਚਰਚਾ ਭਿਵਾਨੀ ਦੇ DSP ਜੈ ਭਗਵਾਨ ਦੇ ਤਬਾਦਲੇ ਦੀ ਹੈ। ਉਨ੍ਹਾਂ ਨੂੰ ਕਰਨਾਲ ਦੇ ਮਧੂਬਨ ਭੇਜਿਆ ਗਿਆ ਹੈ। DSP ਜੈ ਭਗਵਾਨ ਨੇ 26 ਅਪ੍ਰੈਲ ਨੂੰ ਹਿਸਾਰ ਯੂਨੀਵਰਸਿਟੀ ਵਿਚ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ 'ਚ ਧੋਤੀ-ਕੁੜਤਾ ਪਹਿਨ ਕੇ ਸਟੇਜ 'ਤੇ ਡਾਂਸ ਕੀਤਾ ਸੀ। ਬਾਊਂਸਰਾਂ ਵੱਲੋਂ ਉਨ੍ਹਾਂ ਨੂੰ ਸਟੇਜ ਤੋਂ ਹਟਾਉਣ ਦੀ ਇਹ ਘਟਨਾ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ ਸੀ।
12 ਨਵੇਂ ACP ਤਾਇਨਾਤ, ਮਧੂਬਨ 'ਚ 6 DSP ਬਦਲੇ
ਸਰਕਾਰ ਨੇ ਇਸ ਫੇਰਬਦਲ ਵਿਚ 12 ਨਵੇਂ ACP ਵੀ ਨਿਯੁਕਤ ਕੀਤੇ ਹਨ, ਜਿਨ੍ਹਾਂ ਵਿਚ ਗੁਰੂਗ੍ਰਾਮ 'ਚ 3, ਫਰੀਦਾਬਾਦ 'ਚ 2, ਝੱਜਰ 'ਚ 3, ਪੰਚਕੂਲਾ 'ਚ 2, ਸੋਨੀਪਤ 'ਚ 2, ਹਾਂਸੀ, ਭਿਵਾਨੀ, ਸਿਰਸਾ, ਪਲਵਲ, ਰੇਵਾੜੀ, ਪਾਨੀਪਤ 'ਚ DSP ਤਾਇਨਾਤ ਕੀਤੇ ਗਏ ਹਨ। ਕਰਨਾਲ ਦੇ ਮਧੂਬਨ 'ਚ 6 DSP ਤਬਦੀਲ ਕੀਤੇ ਗਏ ਹਨ। ਖੁਫੀਆ ਵਿਭਾਗ ਵਿਚ 2 DSP ਨਿਯੁਕਤ ਕੀਤੇ ਗਏ ਹਨ। ਕਰਨਾਲ, ਨੀਲੋਖੇੜੀ ਅਤੇ ਅਸੰਧ ਵਿਚ 3 DSP ਨਵੀਆਂ ਪੋਸਟਿੰਗਾਂ 'ਤੇ ਭੇਜੇ ਗਏ ਹਨ।