ਬਿਹਾਰ ਵਿੱਚ ਚੱਲ ਰਹੀ ਇੰਡੀਆ ਅਲਾਇੰਸ ਦੀ ਵੋਟਰ ਅਧਿਕਾਰ ਯਾਤਰਾ ਦੇ ਅੱਠਵੇਂ ਦਿਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਬਿਹਾਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ, ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਤੇਜਸਵੀ ਯਾਦਵ ਨੇ ਐਤਵਾਰ ਨੂੰ ਇੱਕ ਬਾਈਕ ਰੈਲੀ ਦੀ ਅਗਵਾਈ ਕੀਤੀ।
ਇੰਡੀਆ ਅਲਾਇੰਸ ਦੇ ਦੋਵੇਂ ਚੋਟੀ ਦੇ ਨੇਤਾ ਖੁਦ ਪੂਰਨੀਆ ਦੀਆਂ ਸੜਕਾਂ 'ਤੇ ਮੋਟਰਸਾਈਕਲਾਂ 'ਤੇ ਸਵਾਰ ਹੋਏ ਅਤੇ ਆਪਣੇ ਸਮਰਥਕਾਂ ਨਾਲ ਸੜਕ 'ਤੇ ਨਿਕਲੇ। ਰਾਹੁਲ ਗਾਂਧੀ ਰੈਲੀ ਦੇ ਸਭ ਤੋਂ ਅੱਗੇ ਡਰਾਈਵਰ ਵਜੋਂ ਮੋਟਰਸਾਈਕਲ ਚਲਾ ਰਹੇ ਸਨ ਤੇ ਉਨ੍ਹਾਂ ਦੇ ਪਿੱਛੇ, ਬਿਹਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜੇਸ਼ ਰਾਮ ਆਪਣਾ ਹੱਥ ਹਿਲਾ ਕੇ ਸੜਕ ਕਿਨਾਰੇ ਦਰਸ਼ਕਾਂ ਦਾ ਸਵਾਗਤ ਕਰ ਰਹੇ ਸਨ। ਇਸ ਵਿਚਕਾਰ, ਰਾਹੁਲ ਗਾਂਧੀ ਵੀ ਦਰਸ਼ਕਾਂ ਵੱਲ ਆਪਣਾ ਹੱਥ ਹਿਲਾ ਰਹੇ ਸਨ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਇਸ ਯਾਤਰਾ ਵਿੱਚ ਜਨਤਾ ਨਾਲ ਜੁੜਨ ਲਈ ਵੱਖ-ਵੱਖ ਤਰੀਕੇ ਲੱਭ ਰਹੇ ਹਨ। ਕਈ ਵਾਰ ਆਪਣੀਆਂ ਯਾਤਰਾਵਾਂ ਦੌਰਾਨ, ਉਹ ਵੋਟਰ ਸੂਚੀ ਵਿੱਚੋਂ ਨਾਮ ਹਟਾਏ ਗਏ ਨਾਗਰਿਕਾਂ ਨਾਲ ਗੱਲ ਕਰਦੇ ਦਿਖਾਈ ਦਿੰਦੇ ਹਨ ਅਤੇ ਕਈ ਵਾਰ ਉਹ ਪੈਦਲ ਚੱਲਦੇ ਹੋਏ ਕਿਸੇ ਗਰੀਬ ਜਾਂ ਪੀੜਤ ਦਾ ਹਾਲ-ਚਾਲ ਪੁੱਛਦੇ ਹਨ। ਸ਼ਨੀਵਾਰ ਨੂੰ ਰਾਹੁਲ ਗਾਂਧੀ ਮਖਾਨਾ ਦੇ ਕਿਸਾਨਾਂ ਦੀ ਹਾਲਤ ਸਮਝਣ ਲਈ ਚਿੱਕੜ ਨਾਲ ਭਰੇ ਖੇਤ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਦੁੱਖਾਂ ਬਾਰੇ ਚਰਚਾ ਕਰਦੇ ਹੋਏ 'ਐਕਸ' 'ਤੇ ਟਵੀਟ ਵੀ ਕੀਤਾ।