ਚੰਡੀਗੜ੍ਹ : ਪੰਜਾਬ ਕਾਂਗਰਸ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾ ਕੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 4 ਨਵੰਬਰ ਨੂੰ ਰਾਹੁਲ ਗਾਂਧੀ ਦਾ ਪੰਜਾਬ ਆਉਣ ਦਾ ਪ੍ਰੋਗਰਾਮ ਬਣ ਰਿਹਾ ਹੈ। ਰਾਹੁਲ ਗਾਂਧੀ ਸੰਗਰੂਰ ਜ਼ਿਲ੍ਹੇ ਵਿਚ ਵੱਡੀ ਰੈਲੀ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਪਰਵਿੰਦਰ ਸਿੰਘ ਝੋਟਾ ਅਤੇ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰਨਗੇ। ਇਸ ਦੇ ਇਲਾਵਾ ਚੋਣ ਮੁਹਿੰਮ ਦੀ ਤਿਆਰੀ ਲਈ ਸਾਰੇ ਲੀਡਰਾਂ ਨਾਲ ਬੈਠ ਕੇ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 4 ਤਾਰੀਖ਼ ਦੇ ਪ੍ਰੋਗਰਾਮ ਅਤੇ ਹੋਰ ਮੁਲਾਕਾਤਾਂ ਬਾਰੇ ਬਾਕੀ ਵੇਰਵੇ ਜਲਦ ਸਾਂਝੇ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 4 ਨਵੰਬਰ ਨੂੰ ਸੰਗਰੂਰ ਦਾ ਦੌਰਾ ਕਰ ਰਹੇ ਹਨ। ਇਸ ਸਬੰਧੀ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਦੌਰੇ ਨਾਲ ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਤੇ ਆਗੂਆਂ ਤੇ ਵਰਕਰਾਂ ਨੂੰ ਮਿਸ਼ਨ 2027 ਲਈ ਸਰਗਰਮ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ। ਮਾਲਵਾ ਪੰਜਾਬ ਦੀ ਸਿਆਸਤ ’ਚ ਅਹਿਮ ਸਥਾਨ ਰੱਖਦਾ ਹੈ ਤੇ ਸੰਗਰੂਰ ਤੋਂ ਚੋਣ ਮੁਹਿੰਮ ਨੂੰ ਅੱਗੇ ਵਧਾਉਣਾ ਪਾਰਟੀ ਦੀ ਰਣਨੀਤੀ ਦਾ ਹਿੱਸਾ ਹੈ। ਕਾਂਗਰਸ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਸੰਪਰਕ ਮਜ਼ਬੂਤ ਕਰੇਗੀ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਉਠਾਏਗੀ।