ਸੁਨਾਮ (ਰਮੇਸ਼ ਗਰਗ) : ਰਕਸ਼ਾ ਪਲੇਵੇ ਸਕੂਲ ਵਿੱਚ ਨੰਨੇ ਮੁੰਨੇ ਬੱਚਿਆਂ ਵੱਲੋਂ ਵਿਸਾਖੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਰੰਗ-ਬਿਰੰਗੇ ਲਿਬਾਸ ਪਹਿਨ ਕੇ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਵਿਸਾਖੀ ਦੀਆਂ ਖੁਸ਼ੀਆਂ ਮਨਾਈਆਂ। ਸਕੂਲ ਦੀ ਪ੍ਰਿੰਸੀਪਲ ਸਵਾਤੀ ਕਾਲੜਾ ਨੇ ਦੱਸਿਆ ਕਿ ਵਿਸਾਖੀ ਸਿਰਫ਼ ਫਸਲ ਕੱਟਣ ਦਾ ਤਿਉਹਾਰ ਹੀ ਨਹੀਂ, ਸਗੋਂ ਆਪਸੀ ਭਾਈਚਾਰੇ, ਪਿਆਰ ਅਤੇ ਇਕਤਾ ਦਾ ਪ੍ਰਤੀਕ ਵੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਹੋਰ ਦੱਸਿਆ ਕਿ ਵਿਸਾਖੀ ਪੰਜਾਬ ਦਾ ਪ੍ਰਮੁੱਖ ਤਿਉਹਾਰ ਹੈ, ਜੋ ਕਿਸਾਨਾਂ ਲਈ ਨਵੀਂ ਫਸਲ ਦੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ। ਇਸੇ ਦਿਨ ਸਿੱਖ ਪੰਥ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ, ਜਿਸ ਕਾਰਨ ਇਹ ਦਿਨ ਇਤਿਹਾਸਕ ਅਤੇ ਧਾਰਮਿਕ ਤੌਰ ‘ਤੇ ਵੀ ਬਹੁਤ ਮਹੱਤਵਪੂਰਨ ਹੈ।
ਪ੍ਰੋਗਰਾਮ ਦੌਰਾਨ ਬੱਚਿਆਂ ਨੇ ਵੱਖ-ਵੱਖ ਸੰਸਕ੍ਰਿਤਿਕ ਗਤੀਵਿਧੀਆਂ ਵਿੱਚ ਭਾਗ ਲਿਆ, ਜਿਸ ਨਾਲ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਮੇਲੇ ਵਰਗਾ ਬਣ ਗਿਆ। ਇਸ ਮੌਕੇ ਚਾਹਤ ਕੌਸ਼ਲ, ਪਰਨੀਤ ਕੌਰ, ਕ੍ਰਿਸ਼ਨਾ ਸ਼ਰਮਾ, ਦਿਵਿਆ ਨਾਰੰਗ ਸਮੇਤ ਹੋਰ ਅਧਿਆਪਕ ਵੀ ਮੌਜੂਦ ਸਨ।