ਚੰਡੀਗੜ੍ਹ : ਪੰਜਾਬ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭੁੱਲਰ ਦੇ 11 ਟਿਕਾਣਿਆਂ 'ਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਭੁੱਲਰ ਦੇ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਨਾਭਾ ਅਤੇ ਜਲੰਧਰ ਸਥਿਤ ਟਿਕਾਣਿਆਂ 'ਤੇ ਟੀਮ ਵਲੋਂ ਤਲਾਸ਼ੀ ਲਈ ਜਾ ਰਹੀ ਹੈ। ਇਹ ਛਾਪੇਮਾਰੀ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਕੀਤੀ ਜਾ ਰਹੀ ਹੈ। ਜਲੰਧਰ 'ਚ ਦੀਪ ਨਗਰ 'ਚ ਸਥਿਤ ਰਿਹਾਇਸ਼ 'ਤੇ ਈ. ਡੀ. ਵਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਿਸੇ ਵੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਧਿਕਾਰੀਆਂ ਦੇ ਮੁਤਾਬਕ ਇਸ ਤਲਾਸ਼ੀ ਮੁਹਿੰਮ ਦਾ ਮਕਸਦ ਅਪਰਾਧ ਨਾਲ ਹਾਸਲ ਹੋਈ ਹੋਰ ਜਾਇਦਾਦ ਦਾ ਪਤਾ ਲਾਉਣਾ, ਬੇਨਾਮੀ ਜਾਇਦਾਦਾਂ ਦੀ ਪਛਾਣ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਸਬੂਤ ਇਕੱਠਾ ਕਰਨਾ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪ ਨਗਰ 'ਚ ਭੁੱਲਰ ਦੇ ਪਿਤਾ ਰਹਿੰਦੇ ਹਨ। ਸਵੇਰੇ 7 ਗੱਡੀਆਂ 'ਚ ਈ. ਡੀ. ਦੀ ਟੀਮ ਉਨ੍ਹਾਂ ਦੇ ਘਰ ਪੁੱਜੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੀ. ਬੀ. ਆਈ. ਦੀ ਜਾਂਚ ਦੌਰਾਨ ਭੁੱਲਰ ਦੇ ਘਰ ਅਤੇ ਫਾਰਮ ਹਾਊਸ ਤੋਂ ਭਾਰੀ ਮਾਤਰਾ 'ਚ ਨਕਦੀ ਅਤੇ ਕੀਮਤੀ ਸਮਾਨ ਬਰਾਮਦ ਹੋਇਆ ਸੀ। ਬਰਾਮਦਗੀ 'ਚ ਕਰੀਬ 7.36 ਕਰੋੜ ਰੁਪਏ ਨਕਦ, 2.5 ਕਿੱਲੋ ਸੋਨਾ, 2.32 ਕਰੋੜ ਦੇ ਚਾਂਦੀ ਦੇ ਗਹਿਣੇ ਅਤੇ 26 ਲਗਜ਼ਰੀ ਘੜੀਆਂ (ਰੋਲੇਕਸ ਅਤੇ ਰਾਡੋ) ਸ਼ਾਮਲ ਸਨ। ਇਸ ਤੋਂ ਇਲਾਵਾ ਪਰਿਵਾਰ ਦੇ ਨਾਮ 'ਤੇ 50 ਤੋਂ ਵੱਧ ਅਚੱਲ ਜਾਇਦਾਦਾਂ ਦੇ ਦਸਤਾਵੇਜ਼ ਅਤੇ ਮਰਸੀਡੀਜ਼ ਵਰਗੀਆਂ ਲਗਜ਼ਰੀ ਕਾਰਾਂ ਵੀ ਮਿਲੀਆਂ ਸਨ।
ਰਿਸ਼ਵਤ ਲੈਂਦਿਆਂ ਕੀਤਾ ਸੀ ਗ੍ਰਿਫ਼ਤਾਰ
ਮੁਅੱਤਲ ਡੀ. ਆਈ. ਜੀ. ਭੁੱਲਰ ਨੂੰ ਸੀ. ਬੀ. ਆਈ. ਨੇ 16 ਅਕਤੂਬਰ 2025 ਨੂੰ ਇੱਕ ਕਬਾੜ ਕਾਰੋਬਾਰੀ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਹਾਲ ਹੀ 'ਚ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਵੀ ਖਾਰਜ ਕਰ ਦਿੱਤੀ ਹੈ। ਸੀ. ਬੀ. ਆਈ. ਨੂੰ ਮਿਲੀ ਇੱਕ ਡਾਇਰੀ ਤੋਂ ਪੰਜਾਬ ਦੇ ਕਈ ਹੋਰ ਸੀਨੀਅਰ ਆਈ. ਏ. ਐੱਸ ਅਤੇ ਆਈ. ਪੀ. ਐੱਸ. ਅਧਿਕਾਰੀਆਂ ਦੇ ਵੀ ਇਸ ਭ੍ਰਿਸ਼ਟਾਚਾਰ ਦੇ ਨੈੱਟਵਰਕ 'ਚ ਸ਼ਾਮਲ ਹੋਣ ਦਾ ਸ਼ੱਕ ਹੈ।