ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਤੋਂ ਬਾਅਦ ਰਾਹਤ ਅਤੇ ਪੁਨਰਵਾਸ ਲਈ ਸ਼ੁਰੂ ਕੀਤੇ 'ਮਿਸ਼ਨ ਚੜ੍ਹਦੀ ਕਲਾ' 'ਚ ਯੋਗਦਾਨ ਪਾਉਣ ਵਾਲੇ ਪਹਿਲੇ 1000 ਦਾਨੀਆਂ ਦਾ ਖ਼ਾਸ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਯੋਜਨਾ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਪੰਜਾਬੀ ਦੀ ਸਾਂਝ ਹੈ ਅਤੇ ਸਮੂਹ ਲੋਕਾਂ ਦੇ ਸਹਿਯੋਗ ਨਾਲ ਹੀ ਪੰਜਾਬ ਨੂੰ ਮੁੜ ਪੈਰਾਂ 'ਤੇ ਖੜ੍ਹਾਇਆ ਜਾ ਸਕਦਾ ਹੈ। ਸਹਿਯੋਗ ਕਰਨ ਲਈ ਉਨ੍ਹਾਂ ਨੇ ਲੋਕਾਂ ਨੂੰ http://rangla.punjab.gov.in ਲਿੰਕ ਰਾਹੀਂ ਦਾਨ ਕਰਨ ਦੀ ਅਪੀਲ ਕੀਤੀ ਹੈ।
ਹੜ੍ਹਾਂ ਨਾਲ ਵੱਡਾ ਨੁਕਸਾਨ
ਦੱਸਣਯੋਗ ਹੈ ਕਿ ਪਿਛਲੇ ਮਹੀਨਿਆਂ 'ਚ ਪੰਜਾਬ ਦੇ ਕਈ ਇਲਾਕੇ ਭਾਰੀ ਹੜ੍ਹਾਂ ਦੀ ਲਪੇਟ 'ਚ ਆਏ ਸਨ। ਇਸ ਦੌਰਾਨ ਖੇਤਾਂ 'ਚ ਖੜ੍ਹੀ ਫ਼ਸਲ, ਘਰਾਂ, ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਸਰਕਾਰ ਵੱਲੋਂ ਰਾਹਤ ਸਮੱਗਰੀ ਅਤੇ ਮੁਆਵਜ਼ੇ ਦੇ ਨਾਲ-ਨਾਲ ਹੁਣ ਪੁਨਰਵਾਸ ਯਤਨਾਂ ਲਈ 'ਮਿਸ਼ਨ ਚੜ੍ਹਦੀ ਕਲਾ' ਸ਼ੁਰੂ ਕੀਤਾ ਗਿਆ ਹੈ।
NRI ਭਰਾਵਾਂ ਨੂੰ ਖ਼ਾਸ ਅਪੀਲ
ਮੁੱਖ ਮੰਤਰੀ ਨੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਖ਼ਾਸ ਤੌਰ 'ਤੇ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡਾਂ ਅਤੇ ਵਤਨ ਦੀ ਮੁੜ ਤਾਮੀਰ 'ਚ ਹਿੱਸਾ ਪਾ ਕੇ ਪੰਜਾਬ ਦੀ ਤਰੱਕੀ ਅਤੇ ਚੜ੍ਹਦੀ ਕਲਾ 'ਚ ਯੋਗਦਾਨ ਪਾਉਣ।