ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿਚ ਮੰਗਲਵਾਰ ਬਾਅਦ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੱਸ ਸਟੈਂਡ ਨੇੜੇ ਸਥਿਤ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਇਕ ਅਣਪਛਾਤੇ ਵਿਅਕਤੀ ਵੱਲੋਂ ਸੁੱਟੀ ਕਥਿਤ ਚੀਜ਼ ਨਾਲ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਅਤੇ ਹਸਪਤਾਲ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਘਟਨਾ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ 'ਤੇ ਮੌਜੂਦ ਲੋਕਾਂ ਅਤੇ ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਧਮਾਕਾ ਬਹੁਤ ਤੇਜ਼ ਸੀ, ਜਿਸ ਕਾਰਨ ਆਲੇ-ਦੁਆਲੇ ਦੇ ਲੋਕ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਆਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਅਮੋਲਕ ਸਿੰਘ ਕਾਹਲੋਂ, ਐੱਸਐੱਚਓ ਜਤਿੰਦਰਪਾਲ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜੇ। ਇਸ ਦੇ ਨਾਲ ਹੀ ਐੱਸਐੱਸਪੀ ਗੁਰਦਾਸਪੁਰ ਵੀ ਘਟਨਾ ਸਥਾਨ 'ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਅਤੇ ਜਾਂਚ ਕਾਰਵਾਈ ਦਾ ਜਾਇਜ਼ਾ ਲਿਆ।
ਪੁਲਸ ਵੱਲੋਂ ਹਸਪਤਾਲ ਅਤੇ ਆਸ-ਪਾਸ ਦੇ ਖੇਤਰ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਦੌਰਾਨ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਜਿਸ ਵਿਚ ਇਕ ਸ਼ੱਕੀ ਵਿਅਕਤੀ ਦੀ ਤਸਵੀਰ ਸਾਹਮਣੇ ਆਉਣ ਦੀ ਜਾਣਕਾਰੀ ਮਿਲੀ ਹੈ। ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।