ਲੁਧਿਆਣਾ : ਮੌਜੂਦਾ ਫ਼ਸਲੀ ਸੀਜ਼ਨ ਦੌਰਾਨ ਜ਼ਿਆਦਾਤਰ ਕਿਸਾਨਾਂ ਵੱਲੋਂ ਆਪਣੇ ਖੇਤਾਂ ’ਚ ਲਾਏ ਗਏ ਆਲੂਆਂ ਦੀ ਲਾਗਤ ਤੱਕ ਪੂਰੀ ਨਹੀਂ ਹੋਈ। ਪੰਜਾਬ ਦੀਆਂ ਸਬਜ਼ੀ ਮੰਡੀਆਂ ’ਚ ਆਲੂਆਂ ਦੀਆਂ ਕੀਮਤਾਂ ਨੂੰ ਲੈ ਕੇ ਹਾਲਾਤ ਇੰਨੇ ਮਾੜੇ ਰਹੇ ਕਿ 12 ਤੋਂ 15 ਰੁਪਏ ਕਿਲੋ ਵਿਕਣ ਵਾਲਾ ਆਲੂ ਮੰਡੀਆਂ ’ਚ ਸਿਰਫ 2 ਤੋਂ 3 ਰੁਪਏ ਕਿਲੋ ਤੱਕ ਰੁਲਦਾ ਰਿਹਾ ਹੈ। ਅਜਿਹੇ ’ਚ ਆਲੂਆਂ ਦੀ ਫ਼ਸਲ ’ਚ ਹੋਏ ਘਾਟੇ ਤੋਂ ਬਾਅਦ ਜ਼ਿਆਦਾਤਰ ਕਿਸਾਨਾਂ ਨੇ ਖਰਬੂਜ਼ੇ ਦੀ ਖੇਤੀ ਨਹੀਂ ਕੀਤੀ ਹੈ, ਜਿਸ ਦਾ ਇਕ ਮੁੱਖ ਕਾਰਨ ਪੰਜਾਬ ’ਚ ਹੋਈ ਬੇਮੌਸਮੀ ਬਰਸਾਤ ਨੂੰ ਵੀ ਦੱਸਿਆ ਜਾ ਰਿਹਾ ਹੈ।
ਖਰਬੂਜ਼ੇ ਦੇ ਹੋਲਸੇਲ ਕਾਰੋਬਾਰੀ ਮੰਨਦੇ ਹਨ ਕਿ ਖੇਤਾਂ ’ਚ ਖਰਬੂਜ਼ੇ ਦੀ ਖੇਤੀ ਕਰਨ ਦਾ ਖ਼ਰਚਾ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਆਉਂਦਾ ਹੈ। ਬਰਸਾਤ ਕਾਰਨ ਨਾ ਤਾਂ ਕਿਸਾਨ ਸਹੀ ਸਮੇਂ ’ਤੇ ਆਲੂਆਂ ਦੀ ਪੁਟਾਈ ਦਾ ਕੰਮ ਨਬੇੜ ਸਕੇ ਅਤੇ ਨਾ ਹੀ ਖਰਬੂਜ਼ੇ ਦੀ ਬਿਜਾਈ ਹੋ ਸਕੀ। ਬਰਸਾਤ ਕਾਰਨ ਖਰਬੂਜ਼ੇ ਦੀ ਫ਼ਸਲ ਤੇਜ਼ੀ ਨਾਲ ਖ਼ਰਾਬ ਹੁੰਦੀ ਹੈ, ਜਿਸ ਨੂੰ ਧਿਆਨ ’ਚ ਰੱਖਦਿਆਂ ਕਿਸਾਨਾਂ ਨੇ ਇਸ ਫ਼ਸਲ ਤੋਂ ਹੱਥ ਪਿੱਛੇ ਖਿੱਚ ਲਏ ਹਨ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਬਿਜਾਈ ਘੱਟ ਹੋਣ ਕਾਰਨ ਕੀਮਤਾਂ ’ਚ ਤੇਜ਼ੀ ਆਵੇਗੀ ਅਤੇ ਨਿਰਜਲਾ ਇਕਾਦਸ਼ੀ ਦੇ ਮੌਕੇ ’ਤੇ ਖਰਬੂਜ਼ੇ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਸਕਦੀਆਂ ਹਨ। ਦੂਜੇ ਪਾਸੇ ਗਰਮੀਆਂ ਦੇ ਪਸੰਦੀਦਾ ਫਲ ਤਰਬੂਜ ਦੀ ਖੇਤੀ ਇਸ ਸੀਜ਼ਨ ਦੌਰਾਨ ਕਾਫ਼ੀ ਚੰਗੀ ਹੋਈ ਹੈ। ਉਮੀਦ ਹੈ ਕਿ ਮੰਡੀਆਂ ’ਚ ਤਰਬੂਜ ਦੀ ਆਮਦ ਵਧੀਆ ਰਹੇਗੀ।
ਸੀਜ਼ਨ ’ਤੇ ਟਿਕੀਆਂ ਸਾਰੀਆਂ ਉਮੀਦਾਂ
ਲੁਧਿਆਣਾ ਫਰੂਟ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਇੰਦਰਜੀਤ ਸਿੰਘ ਕੁੱਕੂ, ਸਰਪ੍ਰਸਤ ਅਮਿਤ ਅੱਵਲ, ਪ੍ਰਧਾਨ ਰਾਜਨ ਅੱਵਲ ਅਤੇ ਹਰਜੋਤ ਸਿੰਘ ਨਾਗਪਾਲ ਨੇ ਕਿਹਾ ਕਿ ਬੀਤੇ ਦਿਨੀਂ ਹੋਈ ਬੇਮੌਸਮੀ ਬਰਸਾਤ ਕਾਰਨ ਫਰੂਟ ਮੰਡੀ ਦੇ ਹਾਲਾਤ ਕਾਫ਼ੀ ਵਿਗੜ ਗਏ ਸਨ। ਉਨ੍ਹਾਂ ਦੱਸਿਆ ਕਿ ਲਾਕਡਾਊਨ ਦੀਆਂ ਅਫ਼ਵਾਹਾਂ ਅਤੇ ਐੱਲ. ਪੀ. ਜੀ. ਦੀ ਕਿੱਲਤ ਕਾਰਨ ਵੱਡੀ ਗਿਣਤੀ ’ਚ ਪ੍ਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਪਰਤ ਗਏ ਹਨ। ਹੁਣ ਆੜ੍ਹਤੀਆਂ ਦੀਆਂ ਸਾਰੀਆਂ ਉਮੀਦਾਂ ਖਰਬੂਜ਼ਾ, ਤਰਬੂਜ ਅਤੇ ਅੰਬ ਦੇ ਸੀਜ਼ਨ ’ਤੇ ਟਿਕੀਆਂ ਹੋਈਆਂ ਹਨ।