ਪਠਾਨਕੋਟ : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਡਾ. ਬਲਬੀਰ ਸਿੰਘ ਨੇ ਭੋਆ ਵਿਧਾਨ ਸਭਾ ਖੇਤਰ ਦੇ 12 ਹੜ੍ਹ ਪੀੜਤ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 51 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਆਫ਼ਤ ਦੀ ਘੜ੍ਹੀ ਵਿਚ ਮਦਦ ਲਈ ਅੱਗੇ ਆਏ ਦਾਨੀਆਂ ਦਾ ਵੀ ਧੰਨਵਾਦ ਕੀਤਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਲਾਲ ਚੰਦ ਕਟਾਰੂਚੱਕ ਵੱਲੋਂ ਭੋਆ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਹੜ੍ਹ ਦੀ ਮਾਰ ਝੱਲ ਰਹੇ 12 ਪਰਿਵਾਰਾਂ ਨੂੰ 51-51 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਦਿੱਤੇ। ਉਨ੍ਹਾਂ ਨੇ ਅੱਜ ਪਿੰਡ ਬਕਨੋਰ, ਪੰਮਾ, ਅੰਬੀ ਖੜਖੜਾ, ਕੋਹਲੀਆਂ ਅੱਡਾ ਤੇ ਅਨਿਆਲ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਘਰਾਂ ਵਿਚ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਸ ਵਾਰ ਹੜ੍ਹ ਨੇ ਪੂਰੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਹੈ ਤੇ ਲੋਕ ਹੜ੍ਹ ਤੋਂ ਉੱਭਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇਕ ਐੱਨ.ਜੀ.ਓ. ਦੀ ਸਥਾਪਨਾ ਕੀਤੀ ਗਈ ਹੈ।