ਤੁਸੀਂ ਕਿਸੇ ਵੀ ਮੁਕਾਮ ਦੇ ਪੰਜ ਸਾਲ, ਦਸ ਸਾਲ, 25 ਸਾਲ, 50 ਸਾਲ ਜਾਂ 100 ਸਾਲ ਪੂਰੇ ਹੋਣ 'ਤੇ ਜਸ਼ਨ ਮਨਾਉਂਦੇ ਹੋਏ ਦੇਖਿਆ ਜਾਂ ਸੁਣਿਆ ਹੋਵੇਗਾ। ਪਰ ਕੀ ਤੁਸੀਂ ਕਦੇ ਕਿਸੇ ਪ੍ਰੋਗਰਾਮ ਦੇ 23 ਸਾਲ ਪੂਰੇ ਹੋਣ 'ਤੇ ਜਸ਼ਨ ਮਨਾਉਂਦੇ ਹੋਏ ਦੇਖਿਆ ਹੈ? ਅਤੇ ਉਸ ਤੋਂ ਵੀ ਜ਼ਿਆਦਾ ਕੀ ਤੁਸੀਂ ਕਦੇ ਉਸ 'ਤੇ ਕਰੋੜਾਂ ਰੁਪਏ ਖਰਚ ਹੁੰਦੇ ਹੋਏ ਦੇਖਿਆ ਹੈ?
ਪਿਛਲੇ ਸਾਲ ਗੁਜਰਾਤ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ, ਜਦੋਂ 7 ਅਕਤੂਬਰ 2024 ਨੂੰ ਗੁਜਰਾਤ ਸਰਕਾਰ ਦੇ ਕੁਝ ਇਸ਼ਤਿਹਾਰ ਦੇਖੇ ਗਏ ਸੀ।
ਇਨ੍ਹਾਂ ਵਿੱਚੋਂ ਇੱਕ ਇਸ਼ਤਿਹਾਰ 'ਸਫਲ ਅਤੇ ਸਮਰੱਥ ਲੀਡਰਸ਼ਿਪ ਦੇ 23 ਸਾਲ' ਉਪਰ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਤਕ ਅਹੁਦੇ 'ਤੇ 23 ਸਾਲ ਪੂਰੇ ਕਰਨ 'ਤੇ ਵਧਾਈ ਦਿੱਤੀ ਗਈ ਸੀ।
ਇਸੇ ਲੜੀ ਦੇ ਇੱਕ ਹੋਰ ਇਸ਼ਤਿਹਾਰ ਵਿੱਚ 'ਵਿਕਾਸ ਹਫ਼ਤਾ- ਸਫਲ ਅਤੇ ਯੋਗ ਲੀਡਰਸ਼ਿਪ ਦੇ 23 ਸਾਲ' ਦਾ ਸੰਦੇਸ਼ ਦਿੱਤਾ ਗਿਆ ਸੀ।
ਬੀਬੀਸੀ ਗੁਜਰਾਤੀ ਨੇ ਗੁਜਰਾਤ ਸਰਕਾਰ ਦੇ ਸੂਚਨਾ ਵਿਭਾਗ ਵਿੱਚ ਸੂਚਨਾ ਦਾ ਅਧਿਕਾਰ (ਆਰਟੀਆਈ) ਅਰਜ਼ੀ ਦਾਇਰ ਕਰ ਕੇ ਇਨ੍ਹਾਂ ਇਸ਼ਤਿਹਾਰਾਂ ਉਪਰ ਹੋਏ ਖਰਚੇ ਦਾ ਵੇਰਵਾ ਮੰਗਿਆ ਸੀ। ਜਵਾਬ ਵਿੱਚ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਇਸ਼ਤਿਹਾਰਾਂ 'ਤੇ ਪ੍ਰਿੰਟ, ਇਲੈਕਟ੍ਰਾਨਿਕ, ਡਿਜੀਟਲ ਅਤੇ ਸੋਸ਼ਲ ਮੀਡੀਆ 'ਤੇ ਕੁੱਲ 8,81,01,941 ਰੁਪਏ ਖਰਚ ਕੀਤੇ ਗਏ।