ਖਰੜ (ਪ੍ਰੀਤ ਪੱਤੀ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਨੀ ਐਨਕਲੇਵ ਦੇ ਵਾਰਡ ਨੰਬਰ 9 ਤੋਂ ਸ਼ਰਧਾਲੂਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਲੈ ਕੇ ਜਾਣ ਵਾਲੀ ਬੱਸ ਸ਼ਰਧਾ ਅਤੇ ਉਤਸ਼ਾਹ ਦੇ ਮਾਹੌਲ ਵਿੱਚ ਰਵਾਨਾ ਕੀਤੀ ਗਈ।
ਬੱਸ ਨੂੰ ਹਲਕਾ ਇੰਚਾਰਜ ਖਰੜ ਅਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ. ਗੋਲਡੀ ਨੇ ਸਮੂਹ ਸ਼ਰਧਾਲੂਆਂ ਨੂੰ ਸੁਖਦ ਅਤੇ ਸੁਰੱਖਿਅਤ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਦੀ ਚੜ੍ਹਦੀ ਕਲਾ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ।
ਇਸ ਮੌਕੇ ਸ਼ਰਧਾਲੂਆਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬੱਸ ਦੀ ਰਵਾਨਗੀ ਸਮੇਂ ਹਾਜ਼ਰ ਆਗੂਆਂ ਅਤੇ ਇਲਾਕਾ ਵਾਸੀਆਂ ਨੇ ਸ਼ਰਧਾਲੂਆਂ ਦੀ ਯਾਤਰਾ ਮੰਗਲਮਈ ਹੋਣ ਦੀ ਕਾਮਨਾ ਕੀਤੀ।
ਇਸ ਮੌਕੇ ਬਲਾਕ ਪ੍ਰਧਾਨ ਪ੍ਰਿੰਸ ਧਾਲੀਵਾਲ, ਹਾਕਮ ਸਿੰਘ, ਸੁਖਵਿੰਦਰ ਬਾਠ, ਮਨਜੀਤ ਕੌਰ ਵਾਲੀਆ, ਪਰਮਜੀਤ ਕੌਰ, ਸਤਵਿੰਦਰ ਕੌਰ,ਹਰਮੀਤ ਸਿੰਘ ਛਿੱਬੜ ਸਮੇਤ ਇਲਾਕੇ ਦੇ ਹੋਰ ਪਤਵੰਤੇ ਅਤੇ ਵਸਨੀਕ ਮੌਜੂਦ ਸਨ।