ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਆਪਣਾ ਅਹੁਦਾ ਅੱਜ ਰਸਮੀਂ ਤੌਰ 'ਤੇ ਸੰਭਾਲ ਲਿਆ ਹੈ। ਪਰਗਟ ਸਿੰਘ ਨੇਤਾਜਪੋਸ਼ੀ ਮੌਕੇ ਪਾਰਟੀ ਨੂੰ ਅੱਗੇ ਲਿਜਾਣ ਲਈ ਜੋਸ਼ ਦੇ ਨਾਲ ਹੋਸ਼ ਅਤੇ ਸੰਜਮ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਲੜਾਈ ਕਿਸੇ ਇੱਕ ਸਿਆਸੀ ਪਾਰਟੀ ਨਾਲ ਨਹੀਂ, ਸਗੋਂ ਉਨ੍ਹਾਂ ਤਾਕਤਾਂ ਨਾਲ ਹੈ, ਜੋ ਸਮਾਜ 'ਚ ਨਫ਼ਰਤ ਫੈਲਾਉਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬੇਬਾਕੀ ਨਾਲ ਆਪਣੀ ਗੱਲ ਰੱਖ ਰਹੇ ਹਨ ਅਤੇ ਦੇਸ਼ ਦੇ ਮੁੱਦਿਆਂ ’ਤੇ ਆਵਾਜ਼ ਉਠਾ ਰਹੇ ਹਨ। ਪਰਗਟ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਜੋਸ਼ 'ਚ ਆ ਕੇ ਅਜਿਹਾ ਕੋਈ ਕਦਮ ਨਾ ਚੁੱਕਣ, ਜਿਸ ਨਾਲ ਪਾਰਟੀ ਦੇ ਅਸਲ ਮਕਸਦ ਤੋਂ ਧਿਆਨ ਭਟਕ ਜਾਵੇ।
ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਨਾਅਰੇਬਾਜ਼ੀ ਕਰ ਰਹੇ ਵਰਕਰਾਂ ਨੂੰ ਵੀ ਰੁਕਣ ਅਤੇ ਧਿਆਨ ਨਾਲ ਗੱਲ ਸੁਣਨ ਲਈ ਕਿਹਾ। ਇਸ ਰਾਹੀਂ ਉਨ੍ਹਾਂ ਨੇ ਸਪੱਸ਼ਟ ਸੁਨੇਹਾ ਦਿੱਤਾ ਕਿ ਕਾਂਗਰਸ ਦੀ ਅਗਲੀ ਸਿਆਸੀ ਪਾਰੀ 'ਚ ਅਨੁਸ਼ਾਸਨ, ਸੰਜਮ ਅਤੇ ਸਪੱਸ਼ਟ ਰਣਨੀਤੀ ਅਹਿਮ ਰਹੇਗੀ।
ਰਾਹੁਲ ਗਾਂਧੀ ਦੀ ਅਗਵਾਈ ’ਤੇ ਜਤਾਇਆ ਭਰੋਸਾ
ਪਰਗਟ ਸਿੰਘ ਨੇ ਆਪਣੇ ਸੰਬੋਧਨ 'ਚ ਰਾਹੁਲ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਬੱਬਰ ਸ਼ੇਰ ਵਾਂਗ ਆਪਣੀ ਗੱਲ ਰੱਖ ਰਹੇ ਹਨ। ਉਨ੍ਹਾਂ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਰਾਹੁਲ ਗਾਂਧੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਸਮੇਂ ਦੇ ਨਾਲ ਸਿਆਸੀ ਹਾਲਾਤਾਂ 'ਚ ਬਦਲਾਅ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੀ ਲੜਾਈ ਵਿਚਾਰਧਾਰਕ ਮੁੱਦਿਆਂ ’ਤੇ ਕੇਂਦਰਿਤ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਨਫ਼ਰਤ ਦੀ ਰਾਜਨੀਤੀ ਕਰਨ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਪਾਰਟੀ ਨੂੰ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਵੱਧਣਾ ਪਵੇਗਾ।