ਫਾਜ਼ਿਲਕਾ : ਫਾਜ਼ਿਲਕਾ 'ਚ ਤੇਜ਼ ਬਾਰਸ਼ ਕਾਰਨ ਦਾਣਾ ਮੰਡੀ ਵਿਖੇ ਕਿਸਾਨਾਂ ਦੀ ਫ਼ਸਲ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਤੇਜ਼ ਬਾਰਸ਼ ਕਾਰਨ ਪਾਣੀ 'ਚ ਕਿਸਾਨਾਂ ਦਾ ਸਾਰਾ ਝੋਨਾ ਰੁੜ੍ਹ ਚੁੱਕਿਆ ਹੈ। ਉੱਥੇ ਹੀ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਬੜੀ ਉਮੀਦ ਸੀ ਕਿ ਝੋਨੇ ਦਾ ਰੇਟ ਚੰਗਾ ਮਿਲ ਰਿਹਾ ਅਤੇ ਚਾਰ ਪੈਸੇ ਵੱਟਣ ਨੂੰ ਮਿਲਣਗੇ, ਜਿਸਦੇ ਚਲਦੇ ਉਹ ਆਪਣੇ ਕਰਜ਼ਾ ਲਾਹੁਣਗੇ ਪਰ ਬੀਤੀ ਸਵੇਰ ਤੇਜ਼ ਬਾਰਸ਼ ਨੇ ਕਿਸਾਨਾਂ ਦੀਆਂ ਸਾਰੀਆਂ ਆਸਾਂ ਦੇ ਪਾਣੀ ਫੇਰ ਦਿੱਤਾ। ਉਧਰ ਮੰਡੀ 'ਚ ਵੇਖਣ ਨੂੰ ਮਿਲਿਆ ਕਿ ਕਿਸਾਨਾਂ ਦੀਆਂ ਢੇਰੀਆਂ ਪਾਣੀ 'ਚ ਰੁੜ੍ਹ ਗਈਆਂ ਅਤੇ ਬੋਰੀਆਂ ਦੇ ਉੱਪਰ ਤੱਕ ਵੀ ਪਾਣੀ ਆ ਗਿਆ।
ਉੱਥੇ ਹੀ ਕੁੱਝ ਕਿਸਾਨਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਮੰਡੀ 'ਚ ਆਪਣੀਆਂ ਝੋਨੇ ਦੀ ਢੇਰੀਆਂ ਲੈ ਕੇ ਆਏ ਸਨ ਅਤੇ ਬੀਤੀ ਰਾਤ ਢੇਰੀ ਦੇ ਉੱਪਰ ਤਰਪਾਲ ਪਾ ਕੇ ਚਾਰ-ਚੁਫੇਰੇ ਤੋਂ ਉਸ ਨੂੰ ਕਵਰ ਕਰਕੇ ਗਏ ਸਨ ਅਤੇ ਸਵੇਰੇ ਆ ਕੇ ਵੇਖਿਆ ਤਾਂ ਉਨ੍ਹਾਂ ਦੀ ਢੇਰੀ ਪਾਣੀ ਦੇ 'ਚ ਰੁੜ੍ਹ ਚੁੱਕੀ ਸੀ ਅਤੇ ਸਾਰਾ ਝੋਨਾ ਉਸਦਾ ਖ਼ਤਮ ਹੋ ਗਿਆ, ਉੱਥੇ ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਅੱਜ ਕਿਸਾਨਾਂ ਦੇ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।
ਉੱਥੇ ਹੀ ਕਿਸਾਨਾਂ ਨੇ ਦੱਸਿਆ ਕਿ ਪਿਛਲੀ ਵਾਰ ਤਾਂ ਅਸੀਂ ਆਪਣੇ ਆੜ੍ਹਤੀਆਂ ਦੇ ਪ੍ਰਾਈਵੇਟ ਫੜ੍ਹ ਦੇ ਉੱਪਰ ਝੋਨਾ ਸੁੱਟ ਕੇ ਬੇਫਿਕਰ ਹੋ ਕੇ ਘਰ ਜਾਂਦੇ ਸੀ ਪਰ ਇਸ ਵਾਰ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਆੜ੍ਹਤੀਆਂ ਨੂੰ ਖੱਜਲ-ਖੁਆਰ ਕੀਤਾ, ਜਿਸ ਕਰਕੇ ਉਨ੍ਹਾਂ ਦੇ ਪ੍ਰਾਈਵੇਟ ਫੜ੍ਹਾਂ ਦੇ ਉੱਪਰ ਝੋਨਾ ਨਹੀਂ ਸੁੱਟਣ ਦਿੱਤਾ ਗਿਆ, ਜਿਸ ਕਰਕੇ ਅੱਜ ਕਿਸਾਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ।