ਦੇਸ਼ ਵਿਚ ਦਾਲਾਂ ਦੇ ਮਜ਼ਬੂਤ ਘਰੇਲੂ ਉਤਪਾਦਨ ਦਾ ਅਸਰ ਹੁਣ ਦਰਾਮਦ ਦੇ ਅੰਕੜਿਆਂ ਵਿਚ ਸਾਫ਼ ਦਿਖਾਈ ਦੇਣ ਲੱਗਾ ਹੈ। ਵਿੱਤੀ ਵਰ੍ਹੇ 2025-26 ਵਿਚ ਭਾਰਤ ਦੀ ਦਾਲ ਦਰਾਮਦ 34 ਫੀਸਦੀ ਘਟ ਕੇ 3.63 ਅਰਬ ਡਾਲਰ ਰਹਿ ਗਈ। ਪਿਛਲੇ ਵਿੱਤੀ ਵਰ੍ਹੇ ਵਿਚ ਇਹ ਅੰਕੜਾ 5.48 ਅਰਬ ਡਾਲਰ ਸੀ। ਵਣਜ ਮੰਤਰਾਲਾ ਅਨੁਸਾਰ ਬਿਹਤਰ ਉਤਪਾਦਨ, ਸਰਕਾਰੀ ਨੀਤੀਆਂ ਅਤੇ ਘਰੇਲੂ ਬਾਜ਼ਾਰ ਵਿਚ ਲੋੜੀਂਦੀ ਉਪਲਬਧਤਾ ਇਸ ਦੀ ਮੁੱਖ ਵਜ੍ਹਾ ਰਹੇ।
ਰਿਕਾਰਡ ਪੈਦਾਵਾਰ ਨਾਲ ਵਿਦੇਸ਼ਾਂ ’ਤੇ ਨਿਰਭਰਤਾ ਘਟੀ
ਖੇਤੀਬਾੜੀ ਮਾਹਿਰਾਂ ਅਨੁਸਾਰ ਪਿਛਲੇ 2 ਸਾਲਾਂ ਵਿਚ ਕੇਂਦਰ ਸਰਕਾਰ ਨੇ ਦਾਲਾਂ ਦਾ ਉਤਪਾਦਨ ਵਧਾਉਣ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.), ਬੀਜ ਵੰਡ ਅਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਰਗੀਆਂ ਯੋਜਨਾਵਾਂ ’ਤੇ ਜ਼ੋਰ ਦਿੱਤਾ। ਇਸ ਦਾ ਅਸਰ ਇਹ ਹੋਇਆ ਕਿ ਛੋਲੇ (ਚਨਾ), ਮਸਰ ਅਤੇ ਪੀਲੀ ਮਟਰ ਵਰਗੀਆਂ ਦਾਲਾਂ ਦੀ ਪੈਦਾਵਾਰ ਵਿਚ ਸ਼ਲਾਘਾਯੋਗ ਵਾਧਾ ਦਰਜ ਕੀਤਾ ਗਿਆ। ਇਸ ਨਾਲ ਦੇਸ਼ ਦੀ ਵਿਦੇਸ਼ਾਂ 'ਤੇ ਨਿਰਭਰਤਾ ਘਟੀ ਹੈ।
ਆਯਾਤ ਦੀ ਮਾਤਰਾ ਵਿਚ ਵੀ ਆਈ ਗਿਰਾਵਟ
ਸਰਕਾਰੀ ਅੰਕੜਿਆਂ ਮੁਤਾਬਕ ਦਾਲਾਂ ਦਾ ਆਯਾਤ ਮਾਤਰਾ ਦੇ ਹਿਸਾਬ ਨਾਲ ਵੀ ਘਟਿਆ ਹੈ। ਵਿੱਤੀ ਵਰ੍ਹੇ 2026 ਵਿਚ ਕਰੀਬ 60 ਲੱਖ ਟਨ ਦਾਲ ਆਯਾਤ ਕੀਤੀ ਗਈ, ਜਦੋਂ ਕਿ ਪਿਛਲੇ ਵਰ੍ਹੇ ਇਹ ਅੰਕੜਾ 73.4 ਲੱਖ ਟਨ ਸੀ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਘਰੇਲੂ ਮੰਡੀਆਂ ਵਿਚ ਲੋੜੀਂਦਾ ਸਟਾਕ ਉਪਲਬਧ ਹੋਣ ਕਾਰਨ ਆਯਾਤ ਦੀ ਲੋੜ ਸੀਮਤ ਰਹਿ ਗਈ।
ਖਾਧ ਸੁਰੱਖਿਆ ਦੇ ਲਿਹਾਜ਼ ਨਾਲ ਸਕਾਰਾਤਮਕ ਸੰਕੇਤ
ਆਰਥਿਕ ਮਾਹਿਰਾਂ ਮੁਤਾਬਕ ਦਾਲਾਂ ਦੇ ਆਯਾਤ ਵਿਚ ਕਮੀ ਭਾਰਤ ਲਈ ਖਾਧ ਸੁਰੱਖਿਆ ਅਤੇ ਖੇਤੀਬਾੜੀ ਆਤਮ-ਨਿਰਭਰਤਾ ਦੇ ਲਿਹਾਜ਼ ਨਾਲ ਸਕਾਰਾਤਮਕ ਸੰਕੇਤ ਹੈ। ਇਸ ਨਾਲ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ ਅਤੇ ਕਿਸਾਨਾਂ ਨੂੰ ਵੀ ਬਿਹਤਰ ਬਾਜ਼ਾਰ ਮਿਲਣ ਦੀ ਸੰਭਾਵਨਾ ਵਧੇਗੀ।
ਗਲੋਬਲ ਬਾਜ਼ਾਰ ਵਿਚ ਨਰਮ ਪਏ ਦਾਮ
ਅੰਤਰਰਾਸ਼ਟਰੀ ਬਾਜ਼ਾਰ ਵਿਚ ਦਾਲਾਂ ਦੀਆਂ ਕੀਮਤਾਂ ਵਿਚ ਵੀ ਕਮੀ ਦੇਖਣ ਨੂੰ ਮਿਲੀ ਹੈ। ਕੈਨੇਡਾ ਅਤੇ ਆਸਟ੍ਰੇਲੀਆ ਤੋਂ ਆਉਣ ਵਾਲੀ ਪੀਲੀ ਮਟਰ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਹੇਠਾਂ ਆ ਗਈਆਂ ਹਨ। ਉਥੇ ਬੰਗਾਲ ਚਨਾ ਦੇ ਦਾਮਾਂ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਵਪਾਰੀਆਂ ਦਾ ਕਹਿਣਾ ਹੈ ਕਿ ਗਲੋਬਲ ਉਤਪਾਦਨ ਵਧਣ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਦਬਾਅ ਬਣਿਆ ਹੋਇਆ ਹੈ।
ਮਾਨਸੂਨ ’ਤੇ ਟਿਕੀ ਸਰਕਾਰ ਦੀ ਨਜ਼ਰ
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਦਾਲਾਂ ਦੀ ਸਥਿਤੀ ਕਾਫ਼ੀ ਹੱਦ ਤੱਕ ਮਾਨਸੂਨ ’ਤੇ ਨਿਰਭਰ ਕਰੇਗੀ। ਜੇਕਰ ਬਾਰਿਸ਼ ਆਮ ਵਾਂਗ ਰਹਿੰਦੀ ਹੈ ਤਾਂ ਘਰੇਲੂ ਉਤਪਾਦਨ ਹੋਰ ਮਜ਼ਬੂਤ ਹੋ ਸਕਦਾ ਹੈ ਪਰ ਕਮਜ਼ੋਰ ਮਾਨਸੂਨ ਦੀ ਸਥਿਤੀ ਵਿਚ ਸਰਕਾਰ ਨੂੰ ਫਿਰ ਤੋਂ ਦਰਾਮਦ ਵਧਾਉਣ ਦੀ ਰਣਨੀਤੀ ਅਪਣਾਉਣੀ ਪੈ ਸਕਦੀ ਹੈ। ਕੇਂਦਰ ਸਰਕਾਰ ਫਿਲਹਾਲ ਬਫਰ ਸਟਾਕ ਵਧਾਉਣ ’ਤੇ ਵੀ ਜ਼ੋਰ ਦੇ ਰਹੀ ਹੈ।
ਅਰਹਰ ਅਤੇ ਉੜਦ ਦੀ ਮੰਗ ਬਣੀ ਚੁਣੌਤੀ
ਹਾਲਾਂਕਿ ਕੁੱਲ ਦਰਾਮਦ ਵਿਚ ਗਿਰਾਵਟ ਦਰਜ ਹੋਈ ਹੈ ਪਰ ਅਰਹਰ ਅਤੇ ਉੜਦ ਵਰਗੀਆਂ ਦਾਲਾਂ ਦੀ ਮੰਗ ਹਾਲੇ ਵੀ ਬਣੀ ਹੋਈ ਹੈ। ਪਿਛਲੇ ਵਿੱਤੀ ਵਰ੍ਹੇ ਵਿਚ ਅਰਹਰ ਅਤੇ ਉੜਦ ਦੀ ਦਰਾਮਦ ਵਿਚ ਕ੍ਰਮਵਾਰ 25 ਅਤੇ 18 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾਲਾਂ ਦੀ ਘਰੇਲੂ ਪੈਦਾਵਾਰ ਵਧਾਉਣਾ ਅਜੇ ਵੀ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ।