ਨਵੀਂ ਦਿੱਲੀ : 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗਬੰਦੀ ਤੋਂ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ 'ਗੱਦਾਰ' ਤੇ ਦੇਸ਼ਧ੍ਰੋਹੀ ਕਿਹਾ ਜਾ ਰਿਹਾ ਹੈ। ਇਹੀ ਨਹੀਂ, ਕੁਝ ਲੋਕ ਤਾਂ ਮਿਸਰੀ ਦੀਆਂ ਧੀਆਂ ਨੂੰ ਵੀ ਇਸ ਮਾਮਲੇ 'ਚ ਖਿੱਚ ਰਹੇ ਹਨ ਤੇ ਉਨ੍ਹਾਂ ਦੀ ਨਾਗਰਿਕਤਾ 'ਤੇ ਸਵਾਲ ਚੁੱਕ ਰਹੇ ਹਨ।
ਇਸ ਟ੍ਰੋਲਿੰਗ ਨੂੰ ਵੇਖਦੇ ਹੋਏ ਉਨ੍ਹਾਂ ਨੇ ਆਪਣਾ ‘ਐਕਸ’ ਅਕਾਊਂਟ ਪ੍ਰਾਈਵੇਟ ਕਰ ਦਿੱਤਾ ਹੈ। ਹੈਦਰਾਬਾਦ ਤੋਂ ਏ.ਆਈ.ਐੱਮ.ਆਈ.ਐਮ. ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਹੈ ਕਿ ਵਿਕਰਮ ਮਿਸਰੀ ਇੱਕ ਇਮਾਨਦਾਰ ਡਿਪਲੋਮੈਟ ਹਨ ਜੋ ਸਾਡੇ ਦੇਸ਼ ਲਈ ਅਣਥੱਕ ਮਿਹਨਤ ਕਰਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਸਿਵਲ ਸੇਵਕ ਸਰਕਾਰ ਦੇ ਅਧੀਨ ਕੰਮ ਕਰਦੇ ਹਨ। ਸਰਕਾਰ ਅਤੇ ਸਿਆਸੀ ਲੀਡਰਸ਼ਿਪ ਵੱਲੋਂ ਲਏ ਗਏ ਫੈਸਲਿਆਂ ਲਈ ਵਿਕਰਮ ਮਿਸ਼ਰੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।
ਇਕ ਦਿਨ ਪਹਿਲਾਂ ਓਵੈਸੀ ਨੇ ਕਿਹਾ ਸੀ ਕਿ ਜੰਗਬੰਦੀ ਹੋਵੇ ਜਾਂ ਨਾ ਹੋਵੇ, ਭਾਰਤ ਨੂੰ ਪਹਿਲਗਾਮ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਦਾ ਪਿੱਛਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਜਿੰਨਾ ਚਿਰ ਪਾਕਿਸਤਾਨ ਆਪਣੀ ਜ਼ਮੀਨ ਦੀ ਵਰਤੋਂ ਭਾਰਤ ਵਿਰੁੱਧ ਕਰਦਾ ਰਹੇਗਾ, ਓਨਾ ਚਿਰ ਸ਼ਾਂਤੀ ਨਹੀਂ ਹੋ ਸਕਦੀ।