ਪੰਜਾਬ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਪਿੰਡਾਂ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਜਿਸ ਨੂੰ ਵੇਖਦਿਆਂ ਕਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਪੰਜਾਬ ਦੇ ਕਲਾਕਾਰਾਂ ਵੱਲੋਂ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਪੰਜਾਬੀ ਗਾਇਕ ਗਿੱਪੀ ਗਰੇਵਾਲ ਵੱਲੋਂ ਵੀ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਗਿੱਪੀ ਗਰੇਵਾਲ ਨੇ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਲਗਾਤਾਰ ਸਹਾਇਤਾ ਦਾ ਭਰੋਸਾ ਦਿੰਦਿਆਂ, ਉਸ ਫਾਰਮ ਮਾਲਕ ਨੂੰ ਮੱਝਾਂ ਦਾਨ ਕੀਤੀਆਂ, ਜਿਸ ਦੀਆਂ 13 ਮੱਝਾਂ ਹੜ੍ਹ ਵਿਚ ਰੁੜ ਗਈਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸਥਿਤੀ ਸੁਧਰਨ ਤੱਕ ਸਹਾਇਤਾ ਜਾਰੀ ਰਹੇਗੀ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਿੱਪੀ ਨੇ ਅਜਨਾਲਾ ਦੇ ਹੜ੍ਹ ਪੀੜਤਾਂ ਲਈ ਨੇਕ ਪਹਿਲ ਕਰਦੇ ਹੋਏ ਲੋਕਾਂ ਦੇ ਬੇਜ਼ੁਬਾਨ ਪਸ਼ੂਆਂ ਲਈ ਮੱਕੀ ਦੇ ਅਚਾਰ ਦਾ ਭਰਿਆ ਇਕ ਟਰੱਕ ਦਾਨ ਕੀਤਾ ਸੀ।
ਸਰਕਾਰੀ ਅੰਕੜਿਆਂ ਮੁਤਾਬਕ ਹੜ੍ਹ ਨੇ 23 ਜ਼ਿਲ੍ਹਿਆਂ ਵਿੱਚ 3.84 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਹਜ਼ਾਰਾਂ ਲੋਕਾਂ ਨੂੰ ਘਰ-ਬਾਰ ਛੱਡਣੇ ਪਏ ਹਨ ਜਦਕਿ ਜਾਨੀ ਨੁਕਸਾਨ, ਖੇਤੀਬਾੜੀ ਅਤੇ ਪਸ਼ੂ-ਧਨ ਨੂੰ ਵੀ ਭਾਰੀ ਹਾਨੀ ਪਹੁੰਚੀ ਹੈ।