ਕੋਲਕਾਤਾ : ਪੱਛਮੀ ਬੰਗਾਲ ਦੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੈਂਕਾਕ ਜਾਣ ਵਾਲੀ ਥਾਈ ਲਾਇਨ ਏਅਰ ਦੀ ਉਡਾਣ ਸ਼ਨੀਵਾਰ ਸਵੇਰੇ ਤਕਨੀਕੀ ਖ਼ਰਾਬੀ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਅਧਿਕਾਰੀਆਂ ਦੇ ਅਨੁਸਾਰ ਜਹਾਜ਼ ਵਿਚ 130 ਯਾਤਰੀ ਅਤੇ ਚਾਲਕ ਦਲ ਦੇ 7 ਮੈਂਬਰ ਸਵਾਰ ਸਨ। ਇਸ ਘਟਨਾ ਤੋਂ ਬਾਅਦ ਉਡਾਣ ਨੂੰ ਰੱਦ ਕਰ ਦਿੱਤਾ ਗਿਆ।
ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਅਧਿਕਾਰੀਆਂ ਅਨੁਸਾਰ ਜਹਾਜ਼ ਸ਼ੁੱਕਰਵਾਰ ਦੇਰ ਰਾਤ ਕਰੀਬ 1.35 ਵਜੇ ਕੋਲਕਾਤਾ ਵਿਚ ਉਤਰਿਆ। ਥਾਈ ਲਾਇਨ ਏਅਰ ਦੇ ਇਸ ਜਹਾਜ਼ ਨੂੰ ਕੋਲਕਾਤਾ (ਸੀਸੀਯੂ) ਤੋਂ ਬੈਂਕਾਕ ਡਾਨ ਮੁਆਂਗ ਅੰਤਰਰਾਸ਼ਟਰੀ ਹਵਾਈ ਅੱਡੇ (ਡੀਐੱਮਕੇ) ਲਈ 2.35 ਵਜੇ ਉਡਾਣ ਭਰਨੀ ਸੀ। ਬੋਇੰਗ 737-800 ਨਵੀਂ ਪੀੜ੍ਹੀ ਦੇ ਜਹਾਜ਼ ਵਿਚ ਫਲੈਪ ਨਾਲ ਸਬੰਧਿਤ ਸਮੱਸਿਆ ਪੈਦਾ ਹੋ ਗਈ, ਜਿਸ ਕਾਰਨ ਜਹਾਜ਼ ਨੂੰ ਪਿੱਛੇ ਧੱਕਣ ਤੋਂ ਬਾਅਦ ਪਾਰਕਿੰਗ ਵਿਚ ਵਾਪਸ ਜਾਣਾ ਪਿਆ। ਅੰਤ ਵਿਚ ਉਡਾਣ ਰੱਦ ਕਰਨੀ ਪਈ।
ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ ਫਲੈਪ ਟੇਕ-ਆਫ ਅਤੇ ਲੈਂਡਿੰਗ ਦੌਰਾਨ ਬਹੁਤ ਮਹੱਤਵਪੂਰਨ ਹੁੰਦੇ ਹਨ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਯਾਤਰੀ ਇਸ ਨਾਲ ਨਾਖ਼ੁਸ਼ ਸਨ ਅਤੇ ਉਹਨਾਂ ਵਿਚੋਂ ਬਹੁਤ ਸਾਰੇ ਯਾਤਰੀਆਂ ਨੇ ਏਅਰਲਾਈਨ ਕਰਮਚਾਰੀਆਂ ਨਾਲ ਗੁੱਸੇ ਵਿਚ ਗੱਲ਼ਬਾਤ ਕਰਦੇ ਹੋਏ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਏਅਰਲਾਈਨ ਦੇ ਇਕ ਅਧਿਕਾਰੀ ਦੇ ਅਨੁਸਾਰ, "ਯਾਤਰੀਆਂ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ ਇਸ ਲਈ ਉਡਾਣ ਨੂੰ ਦਿਨ ਲਈ ਰੱਦ ਕਰ ਦਿੱਤਾ ਗਿਆ।" ਏਅਰਲਾਈਨ ਦੇ ਸੂਤਰਾਂ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਹੋਟਲ ਵਿੱਚ ਰਿਹਾਇਸ਼ ਪ੍ਰਦਾਨ ਕਰ ਦਿੱਤੀ ਗਈ ਹੈ। ਉਡਾਣ ਅੱਜ ਤੱਕ ਰੱਦ ਕਰ ਦਿੱਤੀ ਗਈ ਹੈ।
ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਬੁਲਾਰੇ ਨੇ ਕਿਹਾ, "ਥਾਈ ਲਾਇਨ ਦਾ ਜਹਾਜ਼ 151 ਯਾਤਰੀਆਂ ਨੂੰ ਲੈ ਕੇ ਥਾਈਲੈਂਡ ਦੇ ਬੈਂਕਾਕ ਦੇ ਡੋਨ ਮੁਆਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 1.23 ਵਜੇ ਕੋਲਕਾਤਾ ਹਵਾਈ ਅੱਡੇ 'ਤੇ ਉਤਰਿਆ। ਜਹਾਜ਼ ਸਵੇਰੇ 2.35 ਵਜੇ ਪਾਰਕਿੰਗ ਸਪੇਸ 60R ਤੋਂ ਪਿੱਛੇ ਹਟ ਗਿਆ। ਪਿੱਛੇ ਹਟਣ ਤੋਂ ਬਾਅਦ ਜਹਾਜ਼ ਨੇ ਤਕਨੀਕੀ ਸਮੱਸਿਆ ਦੀ ਰਿਪੋਰਟ ਕੀਤੀ ਅਤੇ ਪਾਰਕਿੰਗ ਸਪੇਸ ਵਿੱਚ ਵਾਪਸ ਜਾਣ ਦੀ ਬੇਨਤੀ ਕੀਤੀ। ਜਹਾਜ਼ ਨੂੰ ਇੱਕ ਵਾਰ ਫਿਰ ਦੁਪਹਿਰ 2.43 ਵਜੇ ਪਾਰਕਿੰਗ ਸਟੈਂਡ 34 'ਤੇ ਖੜ੍ਹਾ ਕੀਤਾ ਗਿਆ। ਇਸ ਤੋਂ ਬਾਅਦ ਸਾਰੇ 130 ਯਾਤਰੀਆਂ ਨੂੰ ਹੋਟਲ ਭੇਜ ਦਿੱਤਾ ਗਿਆ।"