ਅੰਮ੍ਰਿਤਸਰ : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (ਜੋ ਕਿ ਇਸ ਵੇਲੇ ਡਿਬਰੂਗੜ੍ਹ ਜੇਲ ਵਿਚ ਬੰਦ ਹਨ) ਦੀ ਬੀਤੇ ਦਿਨ ਵਧੀਕ ਸੈਸ਼ਨ ਜੱਜ ਪਰਮਿੰਦਰ ਸਿੰਘ ਦੀ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਇਸ ਮਾਮਲੇ ਵਿਚ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਵੀਰਵਾਰ ਨੂੰ ਹੋਈ ਸੀ। ਇਸ ਦੌਰਾਨ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਣਵਾਈ ਤੋਂ ਬਾਅਦ ਮਾਣਯੋਗ ਜੱਜ ਨੇ ਅਗਲੀ ਪੇਸ਼ੀ 20 ਮਈ ਨੂੰ ਮੁਕੱਰਰ ਕੀਤੀ ਹੈ। ਦੱਸਣਯੋਗ ਹੈ ਕਿ ਇਹ ਪੇਸ਼ੀ ਅਜਨਾਲਾ ਥਾਣੇ ’ਤੇ ਹੋਏ ਬਹੁ-ਚਰਚਿਤ ਹਮਲੇ ਅਤੇ ਪ੍ਰਦਰਸ਼ਨ ਮਾਮਲੇ ਵਿਚ ਹੋਈ ਹੈ।
ਸ਼ਨੀਵਾਰ ਨੂੰ ਹੋਈ ਪੇਸ਼ੀ ਦੌਰਾਨ ਉਕਤ ਮਾਮਲੇ ਵਿਚ ਅਹਿਮ ਸਰਕਾਰੀ ਗਵਾਹ ਮਨਪ੍ਰੀਤ ਸਿੰਘ ਦੀ ਗਵਾਹੀ ਦਰਜ ਕੀਤੀ ਗਈ। ਸਰਕਾਰੀ ਪੱਖ ਵੱਲੋਂ ਦੱਸਿਆ ਗਿਆ ਕਿ ਉਹ ਘਟਨਾ ਦੇ ਸਮੇਂ ਮੌਕੇ ’ਤੇ ਮੌਜੂਦ ਸੀ। ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਕੁੱਲ 195 ਗਵਾਹਾਂ ਦੀ ਗਵਾਹੀ ਦਰਜ ਹੋਣੀ ਹੈ, ਜਿਸ ਤੋਂ ਸੁਭਾਵਿਕ ਹੈ ਕਿ ਇਹ ਮਾਮਲਾ ਕੋਰਟ ਵਿਚ ਲੰਮੇ ਸਮੇਂ ਤੱਕ ਚੱਲੇਗਾ।