ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਤੋਂ ਬਾਅਦ ਬੈਂਕ ਆਫ ਇੰਡੀਆ ਨੇ ਵੀ ਦੀਵਾਲੀਆ ਹੋ ਚੁੱਕੀ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਕਰਜ਼ਾ ਖਾਤੇ ਨੂੰ ਧੋਖਾਦੇਹੀ ਵਾਲਾ ਐਲਾਨ ਕੀਤਾ ਹੈ ਅਤੇ ਇਸ ਮਾਮਲੇ ’ਚ ਕੰਪਨੀ ਦੇ ਸਾਬਕਾ ਡਾਇਰੈਕਟਰ ਅਨਿਲ ਅੰਬਾਨੀ ਦਾ ਨਾਂ ਵੀ ਲਿਆ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਬੈਂਕ ਆਫ ਇੰਡੀਆ (ਬੀ. ਓ. ਆਈ.) ਨੇ 2016 ’ਚ ਕਥਿਤ ਤੌਰ ’ਤੇ ਪੈਸੇ ਦੇ ਹੇਰ-ਫੇਰ ਦਾ ਹਵਾਲਾ ਦਿੱਤਾ ਹੈ।
ਜਨਤਕ ਖੇਤਰ ਦੇ ਬੈਂਕ ਬੀ. ਓ. ਆਈ. ਨੇ ਅਗਸਤ-2016 ’ਚ ਰਿਲਾਇੰਸ ਕਮਿਊਨੀਕੇਸ਼ਨਜ਼ ਨੂੰ ਉਸ ਦੇ ਚਾਲੂ ਪੂੰਜੀਗਤ ਖਰਚ ਅਤੇ ਸੰਚਾਲਨ ਖਰਚ ਅਤੇ ਮੌਜੂਦਾ ਦੇਣਦਾਰੀਆਂ ਦੇ ਭੁਗਤਾਨ ਲਈ 700 ਕਰੋਡ਼ ਰੁਪਏ ਦਾ ਕਰਜ਼ਾ ਦਿੱਤਾ ਸੀ । ਰਿਲਾਇੰਸ ਕਮਿਊਨੀਕੇਸ਼ਨਜ਼ (ਆਰ. ਕਾਮ.) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਬੈਂਕ ਦੇ ਪੱਤਰ ਬਾਰੇ ਦੱਸਿਆ ਹੈ।
ਇਸ ਅਨੁਸਾਰ ਅਕਤੂਬਰ 2016 ’ਚ ਜਾਰੀ ਕੀਤੀ ਮਨਜ਼ੂਰ ਰਾਸ਼ੀ ਦਾ ਅੱਧਾ ਹਿੱਸਾ ਇਕ ਮਿਆਦ ਜਮ੍ਹਾ ’ਚ ਨਿਵੇਸ਼ ਕੀਤਾ ਗਿਆ ਸੀ, ਜਿਸ ਦੀ ਮਨਜ਼ੂਰੀ ਪੱਤਰ ਅਨੁਸਾਰ ਆਗਿਆ ਨਹੀਂ ਸੀ।
ਆਰ. ਕਾਮ. ਨੇ ਕਿਹਾ ਕਿ ਉਸ ਨੂੰ 22 ਅਗਸਤ ਨੂੰ ਬੈਂਕ ਆਫ ਇੰਡੀਆ ਵੱਲੋਂ 8 ਅਗਸਤ ਦਾ ਇਕ ਪੱਤਰ ਮਿਲਿਆ ਹੈ, ਜਿਸ ’ਚ ਬੈਂਕ ਵੱਲੋਂ ‘ਕੰਪਨੀ, ਅਨਿਲ ਧੀਰਜਲਾਲ ਅੰਬਾਨੀ (ਕੰਪਨੀ ਦੇ ਪ੍ਰਮੋਟਰ ਅਤੇ ਸਾਬਕਾ ਡਾਇਰੈਕਟਰ) ਅਤੇ ਮੰਜਰੀ ਅਸ਼ੋਕ ਕੱਕੜ (ਕੰਪਨੀ ਦੇ ਸਾਬਕਾ ਡਾਇਰੈਕਟਰ) ਦੇ ਕਰਜ਼ਾ ਖਾਤਿਆਂ ਨੂੰ ਧੋਖਾਦੇਹੀ ਦੇ ਰੂਪ ’ਚ ਵਰਗੀਕ੍ਰਿਤ ਕਰਨ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ, ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਵੀ ਇਸ ਸਾਲ ਜੂਨ ’ਚ ਅਜਿਹਾ ਹੀ ਕੀਤਾ ਸੀ, ਜਿਸ ’ਚ ਕਰਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਲੈਣ-ਦੇਣ ਕਰ ਕੇ ਬੈਂਕ ਦੇ ਪੈਸੇ ਦੀ ਦੁਰਵਰਤੋਂ ਦਾ ਦੋਸ਼ ਲਾਇਆ ਗਿਆ ਸੀ।
ਉਥੇ ਹੀ, ਅਨਿਲ ਅੰਬਾਨੀ ਦੇ ਪ੍ਰਮੋਟਰ ਨੇ ਇਕ ਬਿਆਨ ’ਚ ਸਾਰੇ ਦੋਸ਼ਾਂ ਅਤੇ ਮਕੱਦਮਿਆਂ ਦਾ ਪੁਰਜ਼ੋਰ ਖੰਡਨ ਕੀਤਾ ਅਤੇ ਕਿਹਾ ਕਿ ਉਹ ਆਪਣਾ ਬਚਾਅ ਕਰਨਗੇ।