5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਸੋਮਵਾਰ ਨੂੰ 28 ਮਾਰਚ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਅਭਿਆਸ ਲਈ ਪਹੁੰਚਣ ਵਾਲੇ ਪਹਿਲੇ ਗਰੁੱਪ ’ਚ ਸ਼ਾਰਦੁਲ ਠਾਕੁਰ, ਮਯੰਕ ਮਾਰਕੰਡੇ, ਅੱਲ੍ਹਾ ਗਜ਼ਾਂਫਰ, ਨਮਨ ਧੀਰ, ਰਾਜਾ ਅੰਗਦ ਬਾਵਾ, ਰੌਬਿਨ ਮਿੰਜ, ਰਘੂ ਸ਼ਰਮਾ, ਮਯੰਕ ਰਾਵਤ, ਦਾਨਿਸ਼ ਮਾਲੇਵਾਰ, ਮੁਹੰਮਦ ਇਜ਼ਹਾਰ ਤੇ ਅਸ਼ਵਨੀ ਕੁਮਾਰ ਸ਼ਾਮਲ ਸਨ। ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਤੇ ਕਪਤਾਨ ਹਾਰਦਿਕ ਪੰਡਯਾ ਆਉਣ ਵਾਲੇ ਦਿਨਾਂ ’ਚ ਕੈਂਪ ’ਚ ਜੁੜਨਗੇ।
ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਕਿਹਾ, ‘‘ਸੀਜ਼ਨ ਦੇ ਪਹਿਲੇ ਕੈਂਪ ’ਚ ਪਹਿਲਾ ਦਿਨ ਹਮੇਸ਼ਾ ਖਾਸ ਹੁੰਦਾ ਹੈ। ਖਿਡਾਰੀ ਆਉਂਦੇ ਹਨ, ਊਰਜਾ ਦਾ ਸੰਚਾਰ ਹੁੰਦਾ ਹੈ ਤੇ ਚੰਗੇ ਪ੍ਰਦਰਸ਼ਨ ’ਤੇ ਜ਼ੋਰ ਰਹਿੰਦਾ ਹੈ। ਸਾਡੇ ਕੋਲ ਮੁੰਬਈ ਇੰਡੀਅਨਜ਼ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਖਿਡਾਰੀ ਤੇ ਕੁਝ ਨਵੇਂ ਚਿਹਰੇ ਵੀ ਹਨ।’’
ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. 2026 ਦਾ ਆਗਾਜ਼ 28 ਮਾਰਚ ਨੂੰ ਰਾਇਲ ਚੈਲੰਜਰਜ਼ ਬੰਗਲੁਰੂ ਤੇ ਸਨਰਾਈਜ਼ਰਸ ਹੈਦਰਾਬਾਦ ਦੇ ਮੁਕਾਬਲੇ ਨਾਲ ਹੋਵੇਗਾ, ਜਦਕਿ ਮੁੰਬਈ ਦਾ ਪਹਿਲਾ ਮੈਚ 29 ਮਾਰਚ ਨੂੰ ਵਾਨਖੇੜੇ ਸਟੇਡੀਅਮ ’ਤੇ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ।