ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ 'ਚ ਚੱਲ ਰਹੇ 26ਵੇਂ 'ਸ਼ੰਘਾਈ ਸਹਿਯੋਗ ਸੰਗਠਨ' (SCO) ਸਿਖਰ ਸੰਮੇਲਨ ਤੋਂ ਵੱਖ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਇੱਕ ਉੱਚ-ਪੱਧਰੀ ਦੋ-ਪੱਖੀ ਬੈਠਕ ਕੀਤੀ। ਇਸ ਬੈਠਕ 'ਚ ਇਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਗਚੀ ਅਤੇ ਹੋਰ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਇਰਾਨੀ ਨਿਊਜ਼ ਏਜੰਸੀ Tasnim ਅਨੁਸਾਰ, ਦੋਵਾਂ ਆਗੂਆਂ ਨੇ ਭਾਰਤ ਅਤੇ ਇਰਾਨ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੀ ਤੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਹੋਰ ਵਧਾਉਣ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਵਿਚਾਲੇ ਅਮਨ-ਸ਼ਾਂਤੀ ਦੀਆਂ ਕੋਸ਼ਿਸ਼ਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੇਜ਼ੇਸ਼ਕੀਅਨ ਤੋਂ ਇਲਾਵਾ ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਿਨਯਾਨ ਨਾਲ ਵੀ ਵੱਖਰੀ ਬੈਠਕ ਕੀਤੀ। ਵਿਦੇਸ਼ ਮੰਤਰਾਲੇ ਅਨੁਸਾਰ, ਦੋਵਾਂ ਆਗੂਆਂ ਨੇ ਰੱਖਿਆ, ਆਰਥਿਕਤਾ, ਫਾਰਮਾ, ਸਾਇੰਸ ਤੇ ਟੈਕਨਾਲੋਜੀ, ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰਾਂ 'ਚ ਭਾਈਵਾਲੀ ਮਜ਼ਬੂਤ ਕਰਨ 'ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਬਿਸ਼ਕੇਕ ਸਥਿਤ ਮਹਾਤਮਾ ਗਾਂਧੀ ਦੇ ਬੁੱਤ 'ਤੇ ਫੁੱਲਾਂ ਦੀ ਮਾਲਾ ਭੇਂਟ ਕਰ ਕੇ ਸ਼ਰਧਾਂਜਲੀ ਦਿੱਤੀ। ਇਸ ਬੁੱਤ ਦਾ ਉਦਘਾਟਨ 2015 ਵਿੱਚ ਪੀ.ਐੱਮ. ਮੋਦੀ ਦੇ ਕਿਰਗਿਸਤਾਨ ਦੌਰੇ ਦੌਰਾਨ ਹੀ ਕੀਤਾ ਗਿਆ ਸੀ। ਪੀ.ਐੱਮ. ਮੋਦੀ ਨੇ ਬਿਸ਼ਕੇਕ 'ਚ ਰਹਿ ਰਹੇ ਭਾਰਤੀ ਭਾਈਚਾਰੇ, ਸਕਾਲਰਾਂ, ITEC ਐਲੂਮਨੀ ਅਤੇ ਯੋਗ ਕਰਨ ਵਾਲਿਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਇੱਕ ਯੋਗ ਕਰਨ ਵਾਲੇ ਨੇ ਅਹਿਮਦਾਬਾਦ 'ਚ ਹੋਈ ਵਰਲਡ ਯੋਗਾਸਨ ਚੈਂਪੀਅਨਸ਼ਿਪ 'ਚ ਤਮਗਾ ਵੀ ਜਿੱਤਿਆ ਸੀ।