ਨੇਪਾਲ 'ਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਭਿਆਨਕ ਹੜ੍ਹਾਂ ਅਤੇ ਲੈਂਡਸਲਾਈਡ ਕਾਰਨ ਦੇਸ਼ 'ਚ 900 ਤੋਂ ਵੱਧ ਮੌਤਾਂ ਹੋ ਗਈਆਂ ਹਨ, ਜਦਕਿ 2500 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਮਲਬੇ ਹੇਠ ਦੱਬੇ ਅਤੇ ਦੂਰ-ਦੁਰਾਡੇ ਇਲਾਕਿਆਂ 'ਚ ਫਸੇ ਲੋਕਾਂ ਨੂੰ ਕੱਢਣ ਲਈ ਜਿੱਥੇ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ, ਉੱਥੇ ਹੀ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਹੇਠੋਂ ਰੈਸਕਿਊ ਟੀਮਾਂ ਨੂੰ ਇੱਕ ਵੱਡਾ 'ਖ਼ਜ਼ਾਨਾ' ਮਿਲਿਆ ਹੈ।
ਰੈਸਕਿਊ ਟੀਮਾਂ ਨੇ ਹੜ੍ਹ ਦੇ ਪਾਣੀ ਨਾਲ ਵਹਿ ਕੇ ਆਏ ਇੱਕ ਬੈਂਕ ਦੇ ਲਾਕਰ ਨੂੰ ਬਰਾਮਦ ਕਰ ਲਿਆ ਗਿਆ ਹੈ, ਜਿਸ 'ਚ 50 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਸੋਨਾ ਅਤੇ ਹੋਰ ਕੀਮਤੀ ਸਾਮਾਨ ਸੁਰੱਖਿਅਤ ਮਿਲਿਆ ਹੈ। ਹੜ੍ਹ ਦੇ ਭਾਰੀ ਵਹਾਅ ਕਾਰਨ ਨੇਪਾਲ ਦੇ ਪ੍ਰਭਾਵਿਤ ਖੇਤਰ ਵਿੱਚ ਸਥਿਤ ਬੈਂਕ ਦੀ ਪੂਰੀ ਇਮਾਰਤ ਢਹਿ ਗਈ ਸੀ ਅਤੇ ਇਸ ਦੀ ਮਜ਼ਬੂਤ ਸਟੀਲ ਦੀ ਤਿਜੋਰੀ ਮਲਬੇ ਨਾਲ ਨਦੀ ਦੇ ਕੰਢੇ ਵੱਲ ਵਹਿ ਗਈ ਸੀ।
ਨੇਪਾਲੀ ਸੁਰੱਖਿਆ ਬਲਾਂ ਅਤੇ ਰੈਸਕਿਊ ਟੀਮਾਂ ਨੇ ਭਾਰੀ ਮਸ਼ੀਨਰੀ ਦੀ ਮਦਦ ਨਾਲ ਮਲਬੇ ਨੂੰ ਹਟਾ ਕੇ ਤਿਜੋਰੀ ਨੂੰ ਲੱਭਿਆ। ਇਸ ਨੂੰ ਬਾਹਰ ਕੱਢਣ 'ਤੇ ਪਤਾ ਲੱਗਾ ਕਿ ਤਿਜੋਰੀ ਬਿਲਕੁਲ ਸਹੀ ਸਲਾਮਤ ਹੈ ਤੇ ਉਸ 'ਚ ਪਿਆ ਸਾਮਾਨ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਤਿਜੋਰੀ 'ਚੋਂ ਲਗਭਗ 50 ਕਰੋੜ ਰੁਪਏ ਦੀ ਕੀਮਤ ਦੇ ਸੋਨੇ ਦੇ ਬਿਸਕੁਟ, ਗਹਿਣੇ ਅਤੇ ਹੋਰ ਕੀਮਤੀ ਦਸਤਾਵੇਜ਼ ਬਿਲਕੁਲ ਸੁਰੱਖਿਅਤ ਮਿਲੇ ਹਨ।
ਇਸ ਖਜ਼ਾਨੇ ਨੂੰ ਚੋਰੀ ਜਾਂ ਲੁੱਟ-ਖੋਹ ਤੋਂ ਬਚਾਉਣ ਲਈ ਨੇਪਾਲ ਪੁਲਸ ਅਤੇ ਨੇਪਾਲੀ ਫੌਜ ਨੇ ਖੇਤਰ ਨੂੰ ਘੇਰ ਲਿਆ ਹੈ ਤੇ ਬਰਾਮਦ ਕੀਤੇ ਗਏ ਸੋਨੇ ਅਤੇ ਬੈਂਕ ਲਾਕਰਾਂ ਨੂੰ ਬੈਂਕ ਅਧਿਕਾਰੀਆਂ ਦੀ ਮੌਜੂਦਗੀ 'ਚ ਪੁਲਸ ਦੇ ਸਖ਼ਤ ਪਹਿਰੇ ਹੇਠ ਸੁਰੱਖਿਅਤ ਲਾਕਰ 'ਚ ਭੇਜ ਦਿੱਤਾ ਗਿਆ ਹੈ। ਨੇਪਾਲ ਪੁਲਸ ਨੇ ਐਕਸ 'ਤੇ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ 8 ਘੰਟਿਆਂ 'ਚ ਪੁਲਸ ਨੇ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੀ ਤ੍ਰਿਸ਼ੂਲੀ ਧੁੰਗੇ ਬ੍ਰਾਂਚ ਤੋਂ ਕਰੀਬ 50 ਕਰੋੜ ਦਾ ਸੋਨਾ, 1.5 ਕਰੋੜ ਨਕਦੀ ਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਸੁਰੱਖਿਅਤ ਜਗ੍ਹਾ ਪਹੁੰਚਾ ਦਿੱਤੇ ਹਨ।