ਨਵੀਂ ਦਿੱਲੀ : ਅਕਤੂਬਰ ’ਚ ਥੋੜ੍ਹੇ ਠਹਿਰਾਅ ਤੋਂ ਬਾਅਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਮੁੜ ਵਿਕਰੀ ਸ਼ੁਰੂ ਕਰ ਦਿੱਤੀ ਹੈ।
ਕਮਜ਼ੋਰ ਗਲੋਬਲ ਸੰਕੇਤਾਂ ਅਤੇ ਜੋਖਿਮ-ਰਹਿਤ ਧਾਰਨਾ ਦਰਮਿਆਨ ਨਵੰਬਰ ’ਚ ਹੁਣ ਤੱਕ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰ ’ਚੋਂ 12,569 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ।
ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਅਕਤੂਬਰ ’ਚ ਐੱਫ. ਪੀ. ਆਈ. ਨੇ ਸ਼ੇਅਰਾਂ ’ਚ 14,610 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ, ਜੋ ਕਈ ਮਹੀਨਿਆਂ ਦੀ ਲਗਾਤਾਰ ਨਿਕਾਸੀ ਤੋਂ ਬਾਅਦ ਆਇਆ ਸੀ। ਸਤੰਬਰ ’ਚ ਐੱਫ. ਪੀ. ਆਈ. ਨੇ 23,885 ਕਰੋੜ ਰੁਪਏ, ਅਗਸਤ ’ਚ 34,990 ਕਰੋੜ ਰੁਪਏ ਅਤੇ ਜੁਲਾਈ ’ਚ 17,700 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।
ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਨਵੰਬਰ ਦੇ ਹੁਣ ਤੱਕ ਹਰ ਕਾਰੋਬਾਰੀ ਦਿਨ ਜਾਰੀ ਰਹੀ ਵਿਕਰੀ ਦੇ ਨਵੇਂ ਰੁਝਾਨ ਨੇ ਇਸ ਸਾਲ ਹੋਰ ਪ੍ਰਮੁੱਖ ਬਾਜ਼ਾਰਾਂ ਨਾਲੋਂ ਭਾਰਤ ਦੇ ਕਮਜ਼ੋਰ ਪ੍ਰਦਰਸ਼ਨ ’ਚ ਯੋਗਦਾਨ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ 2025 ’ਚ ਐੱਫ. ਪੀ. ਆਈ. ਗਤੀਵਿਧੀਆਂ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਨਿਵੇਸ਼ ਪ੍ਰਵਾਹ ’ਚ ਵਿਭਿੰਨਤਾ ਰਹੀ ਹੈ, ਜਿੱਥੇ ਹੇਜ ਫੰਡ ਭਾਰਤ ’ਚ ਵਿਕਰੀ ਕਰ ਰਹੇ ਹਨ, ਜਦੋਂਕਿ ਅਮਰੀਕਾ, ਚੀਨ, ਦੱਖਣੀ ਕੋਰੀਆ ਅਤੇ ਤਾਈਵਾਨ ਵਰਗੇ ਏ. ਆਈ.-ਸੰਚਲਿਤ ਤੇਜ਼ੀ ਦੇ ਲਾਭਪਾਤਰੀ ਮੰਨੇ ਜਾਣ ਵਾਲੇ ਬਾਜ਼ਾਰਾਂ ’ਚ ਖਰੀਦਦਾਰੀ ਕਰ ਰਹੇ ਹਨ।
ਉਨ੍ਹਾਂ ਕਿਹਾ,‘‘ਭਾਰਤ ਨੂੰ ਮੌਜੂਦਾ ਸਮੇਂ ’ਚ ਏ. ਆਈ.-ਆਧਾਰਿਤ ਕਮਜ਼ੋਰ ਪ੍ਰਦਰਸ਼ਨ ਕਰਨ ਵਾਲਾ ਦੇਸ਼ ਮੰਨਿਆ ਜਾ ਰਿਹਾ ਹੈ ਅਤੇ ਇਹੀ ਧਾਰਨਾ ਐੱਫ. ਪੀ. ਆਈ. ਦੀ ਰਣਨੀਤੀ ਨੂੰ ਆਕਾਰ ਦੇ ਰਹੀ ਹੈ।’’
ਹਾਲਾਂਕਿ ਵਿਜੇ ਕੁਮਾਰ ਨੇ ਅੱਗੇ ਕਿਹਾ ਕਿ ਏ. ਆਈ.-ਸਬੰਧਤ ਮੁੱਲਾਂਕਣ ਹੁਣ ਵੱਧ ਗਿਆ ਹੈ ਅਤੇ ਗਲੋਬਲ ਟੈਕਨਾਲੋਜੀ ਸ਼ੇਅਰਾਂ ’ਚ ਸੰਭਾਵੀ ਬੁਲਬਲੇ ਦਾ ਜੋਖਿਮ ਭਾਰਤ ’ਚ ਲਗਾਤਾਰ ਵਿਕਰੀ ਨੂੰ ਸੀਮਿਤ ਕਰ ਸਕਦਾ ਹੈ।