ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੇਂਦਰ ਸਰਕਾਰ ਦੇ 'ਸੰਚਾਰ ਸਾਥੀ' ਪਲੇਟਫਾਰਮ ਦੀ ਭੂਮਿਕਾ ਦਾ ਜ਼ਿਕਰ ਕੀਤਾ। ਇਹ ਪਲੇਟਫਾਰਮ ਲੋਕਾਂ ਨੂੰ ਗੁਆਚੇ ਹੋਏ ਮੋਬਾਈਲ ਫੋਨ ਵਾਪਸ ਦਿਵਾਉਣ, ਸਾਈਬਰ ਧੋਖਾਧੜੀ ਰੋਕਣ ਅਤੇ ਉਨ੍ਹਾਂ ਦੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ 'ਚ ਮਦਦ ਕਰਦਾ ਹੈ। ਨਾਲ ਹੀ, ਉਨ੍ਹਾਂ ਨੇ ਨਾਗਰਿਕਾਂ ਤੋਂ ਸ਼ੱਕੀ ਕਾਲ ਅਤੇ ਧੋਖਾਧੜੀ ਵਾਲੇ ਨੰਬਰਾਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ।
ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 140ਵੇਂ ਐਪੀਸੋਡ 'ਚ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਮੁਸ਼ਕਲਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਸਾਹਮਣਾ ਲੋਕਾਂ ਨੂੰ ਆਪਣਾ ਮੋਬਾਈਲ ਫੋਨ ਗੁਆਚ ਜਾਣ 'ਤੇ ਕਰਨਾ ਪੈਂਦਾ ਹੈ। ਹਮੇਸ਼ਾ ਫੋਨ 'ਚ ਮਹੱਤਵਪੂਰਨ ਨੰਬਰ, ਤਸਵੀਰਾਂ, ਦਸਤਾਵੇਜ਼ ਅਤੇ ਹੋਰ ਨਿੱਜੀ ਜਾਣਕਾਰੀਆਂ ਹੁੰਦੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਜੇਕਰ ਤੁਹਾਡਾ ਮੋਬਾਈਲ ਫੋਨ ਗੁਆਚ ਜਾਂਦਾ ਹੈ ਤਾਂ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਮੋਬਾਈਲ ਫੋਨ 'ਚ ਤੁਹਾਡੇ ਨੰਬਰ, ਤਸਵੀਰਾਂ, ਜ਼ਰੂਰੀ ਦਸਤਾਵੇਜ਼ ਅਤੇ ਕਈ ਹੋਰ ਮਹੱਤਵਪੂਰਨ ਜਾਣਕਾਰੀਆਂ ਹੁੰਦੀਆਂ ਹਨ। ਇਕ ਵਾਰ ਫੋਨ ਗੁਆਚ ਜਾਣ 'ਤੇ ਉਸ ਨੂੰ ਵਾਪਸ ਪਾਉਣ ਦੀ ਉਮੀਦ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ।''
ਉਨ੍ਹਾਂ ਦੱਸਿਆ ਕਿ ਸਰਕਾਰ ਦਾ 'ਸੰਚਾਰ ਸਾਥਈ' ਪਲੇਟਫਾਰਮ ਅਜਿਹੀਆਂ ਸਮੱਸਿਆਵਾਂ ਦੇ ਹੱਲ ਦਾ ਇਕ ਜ਼ਰੀਆ ਹੈ ਅਤੇ ਲੋਕਾਂ ਨੂੰ ਆਪਣੀ ਸੰਵੇਦਨਸ਼ੀਲ ਜਾਣਕਾਰੀ ਸੁਰੱਖਿਅਤ ਰੱਖਣ 'ਚ ਮਦਦ ਕਰਨਾ ਹੈ। ਇਸ ਪਹਿਲ ਦੀ ਵਧਦੀ ਪਹੁੰਚ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਪੋਰਟਲ 'ਤੇ 30 ਕਰੋੜ ਤੋਂ ਜ਼ਿਆਦਾ ਵਾਰ ਵਿਜ਼ਿਟ ਕੀਤਾ ਗਿਆ ਹੈ, ਜਦੋਂ ਕਿ ਇਸ ਦੇ ਮੋਬਾਈਲ ਐਪਲੀਕੇਸ਼ਨ ਨੂੰ ਲਗਭਗ 3 ਕਰੋੜ ਵਾਰ ਡਾਊਨਲੋਡ ਕੀਤਾ ਗਿਾ ਹੈ।
ਇਸ ਪਲੇਟਫਾਰਮ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਹਰ ਮੋਬਾਈਲ ਫੋਨ ਦਾ ਇਕ ਖ਼ਾਸ ਪਛਾਣ ਨੰਬਰ ਹੁੰਦਾ ਹੈ, ਜਿਸ ਨੂੰ 'ਇੰਟਰਨੈਸ਼ਨਲ ਮੋਬਾਈਲ ਇਕਵਿਪਮੈਂਟ ਆਈਡੈਂਟਿਟੀ (IMEI) ਨੰਬਰ ਕਿਹਾ ਜਾਂਦਾ ਹੈ। ਇਸ ਦਾ ਇਸਤੇਮਾਲ ਗੁਆਚੀ ਹੋਈ ਡਿਵਾਈਸ ਨੂੰ ਲੱਭਣ ਅਤੇ ਉਸ ਨੂੰ ਬਲਾਕ ਕਰਨ ਲਈ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ,''ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ-ਨਾਲ, ਤੁਸੀਂ 'ਸੰਚਾਰ ਸਾਥੀ' ਰਾਹੀਂ IMEI ਨੰਬਰ ਅਤੇ ਕੁਝ ਹੋਰ ਜ਼ਰੂਰੀ ਜਾਣਕਾਰੀ ਦੇ ਕੇ ਆਪਣੇ ਡਿਵਾਈਸ ਨੂੰ ਬਲਾਕ ਕਰਵਾ ਸਕਦੇ ਹਨ। ਇਸ ਤੋਂ ਬਾਅਦ ਕੋਈ ਵੀ ਉਸ ਫੋਨ ਦਾ ਇਸਤੇਮਾਲ ਨਹੀਂ ਕਰ ਸਕੇਗਾ, ਭਾਵੇਂ ਹੀ ਉਸ 'ਚ ਕੋਈ ਨਵਾਂ ਸਿਮ ਕਾਰਡ ਹੀ ਕਿਉਂ ਨਾ ਪਾ ਦਿੱਤਾ ਜਾਵੇ।''
ਉਨ੍ਹਾਂ ਅੱਗੇ ਦੱਸਿਆ ਕਿ ਇਹ ਸਿਸਟਮ ਪੁਲਸ ਲਈ ਵੀ ਗੁਆਚੇ ਹੋਏ ਫੋਨ ਦੀ ਲੋਕੇਸ਼ਨ ਦਾ ਪਤਾ ਲਗਾਉਣਾ ਸੌਖਾ ਬਣਾਉਂਦਾ ਹੈ, ਖ਼ਾਸ ਕਰ ਕੇ ਉਦੋਂ ਜਦੋਂ ਕੋਈ ਉਸ 'ਚ ਸਿਮ ਕਾਰਡ ਪਾ ਕੇ ਉਸ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ,''ਇਸ ਸਿਸਟਮ ਦੇ ਅਧੀਨ ਹੁਣ ਤੱਕ 14 ਲੱਖ ਤੋਂ ਜ਼ਿਆਦਾ ਗੁਆਚੇ ਹੋਏ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਗਏ ਹਨ। ਜੋ ਫੋਨ ਪਹਿਲਾਂ ਗੁਆਚ ਜਾਣ ਮਗਰੋਂ ਵਾਪਸ ਮਿਲਣਾ ਨਾਮੁਮਕਿਨ ਲੱਗਦਾ ਸੀ, ਉਸ ਨੂੰ ਹੁਣ ਤਕਨੀਕ ਦੀ ਮਦਦ ਨਾਲ ਲੱਭਿਆ ਜਾ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਆਪਣਾ ਫੋਨ ਵਾਪਸ ਪਾਉਣ ਧਈ ੲਈਂ ਉਮੀਦ ਮਿਲੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ 'ਸੰਚਾਰ ਸਾਥੀ' ਨਾਗਰਿਕਾਂ ਨੂੰ ਸਾਈਬਰ ਅਪਰਾਧ ਖ਼ਿਲਾਫ਼ ਲਾੜਈ 'ਚ ਯੋਗਦਾਨ ਦੇਣ ਅਤੇ ਦੂਜਿਆਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾਉਣ 'ਚ ਮਦਦ ਕਰਨ ਦਾ ਮੌਕਾ ਦਿੰਦਾ ਹੈ।