ਚੰਡੀਗੜ੍ਹ : ਸੰਵਿਧਾਨ ਦਿਵਸ ਮੌਕੇ ਭਾਜਪਾ ਪੰਜਾਬ ਵਿਚ ਵੱਡੀ ਰੈਲੀ ਕਰਨ ਜਾ ਰਹੀ ਹੈ। 26 ਨਵੰਬਰ ਨੂੰ ਸੰਗਰੂਰ ਵਿਚ ਪੰਜਾਬ ਭਾਜਪਾ ਵੱਲੋਂ ਸੂਬਾ ਪੱਧਰ 'ਤੇ ਵੱਡੀ ਰੈਲੀ ਹੋਵੇਗੀ। ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ 'ਤੇ ਇਕ ਵੱਡੀ ਰੈਲੀ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮੁੱਚਾ ਪ੍ਰੋਗਰਾਮ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਜ਼ਿਕਰ ਕੀਤਾ ਕਿ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਨਰਿੰਦਰ ਮੋਦੀ ਨੇ ਵੀ ਸੰਵਿਧਾਨ ਨੂੰ ਲੈ ਕੇ ਰੈਲੀ ਕੀਤੀ ਸੀ।
ਮਨਪ੍ਰੀਤ ਸਿੰਘ ਬਾਦਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਪ੍ਰੋਗਰਾਮ ਲੋਕਾਂ 'ਚ ਸੰਵਿਧਾਨ ਦੀ ਅਹਿਮੀਅਤ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਯੋਗਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਉਲੀਕਿਆ ਗਿਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਡਾ. ਬੀ. ਆਰ. ਅੰਬੇਡਕਰ ਨੇ ਦੇਸ਼ ਦੇ ਸੰਵਿਧਾਨ ਦੀ ਰਚਨਾ ਇਨਸਾਫ਼, ਬਰਾਬਰੀ ਅਤੇ ਸਮਾਜਿਕ ਸੁਧਾਰਾਂ ਦੀ ਬੁਨਿਆਦ 'ਤੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਡਾ. ਅੰਬੇਡਕਰ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ। ਭਾਜਪਾ ਸਰਕਾਰ ਨੇ ਡਾ. ਅੰਬੇਡਕਰ ਨਾਲ ਜੁੜੇ ਪੰਜ ਪ੍ਰਮੁੱਖ ਅਸਥਾਨਾਂ (ਮਹੂ, ਲੰਡਨ ਸਥਿਤ ਰਹਾਇਸ਼, ਨਾਗਪੁਰ ਦੀ ਦੀਕਸ਼ਾ ਭੂਮੀ, ਦਿੱਲੀ ਦੀ ਮਹਾਪਰਿਨਿਰਵਾਣ ਭੂਮੀ ਅਤੇ ਮੁੰਬਈ ਦੀ ਚੈਤਯ ਭੂਮੀ/ਸਟੈਚੂ ਆਫ ਇਕੁਐਲਿਟੀ) ਨੂੰ ਵਿਕਸਿਤ ਕੀਤਾ। ਲੰਡਨ ਵਾਲਾ ਘਰ 35 ਕਰੋੜ ਰੁਪਏ 'ਚ ਖ਼ਰੀਦ ਕੇ ਯਾਦਗਾਰ ਵਜੋਂ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ।
ਡਾ. ਅੰਬੇਡਕਰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ (ਧਾਰਾ 370) ਦੇਣ ਦੇ ਖ਼ਿਲਾਫ਼ ਸਨ, ਜਿਸ ਨੂੰ 2019 'ਚ ਕੇਂਦਰ ਸਰਕਾਰ ਨੇ ਖ਼ਤਮ ਕਰਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਔਰਤਾਂ ਦੇ ਹੱਕਾਂ ਅਤੇ ਬਰਾਬਰੀ ਲਈ ਯੂਨੀਫਾਰਮ ਸਿਵਲ ਕੋਡ (UCC) ਦੀ ਵਕਾਲਤ ਵੀ ਡਾ. ਅੰਬੇਡਕਰ ਦੀ ਸੋਚ ਦਾ ਹਿੱਸਾ ਸੀ। ਭਾਜਪਾ ਸਰਕਾਰ ਨੇ 102ਵੇਂ ਤੋਂ 106ਵੇਂ ਸੰਵਿਧਾਨਕ ਸੋਧਾਂ ਰਾਹੀਂ ਰਾਸ਼ਟਰੀ ਪੱਛੜਾ ਵਰਗ ਕਮਿਸ਼ਨ, EWS ਲਈ 10 ਫ਼ੀਸਦੀ ਰਾਖਵਾਂਕਰਨ, SC/ST ਰਾਖਵਾਂਕਰਨ ਵਿੱਚ ਵਾਧਾ ਅਤੇ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਲਾਗੂ ਕੀਤਾ। ਡਾ. ਅੰਬੇਡਕਰ ਦੇ ਸਨਮਾਨ ਵਿੱਚ 'BHIM App' ਅਤੇ 125ਵੀਂ ਜੈਅੰਤੀ 'ਤੇ ਵਿਸ਼ੇਸ਼ ਸਿੱਕੇ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ 1946 'ਚ ਸੰਵਿਧਾਨ ਸਭਾ ਚੋਣਾਂ ਅਤੇ 1952/1954 ਦੀਆਂ ਲੋਕ ਸਭਾ ਚੋਣਾਂ 'ਚ ਡਾ. ਅੰਬੇਡਕਰ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ ਸੀ। 1952 ਦੀ ਚੋਣ 'ਚ ਡਾ. ਅੰਬੇਡਕਰ 14,561 ਵੋਟਾਂ ਨਾਲ ਹਾਰੇ ਅਤੇ ਉਨ੍ਹਾਂ ਦੀ ਚੋਣ ਪਟੀਸ਼ਨ ਮੁਤਾਬਕ 73,000 ਵੋਟਾਂ ਦੀ ਗਿਣਤੀ ਹੀ ਨਹੀਂ ਕੀਤੀ ਗਈ ਸੀ।
ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸ ਪਾਰਟੀ 'ਤੇ ਤਿੱਖਾ ਹਮਲਾ ਬੋਲਦੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਦੇਸ਼ 'ਚ ਐਮਰਜੈਂਸੀ ਲਗਾਈ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਸੰਵਿਧਾਨ 'ਚ ਆਪਣੀ ਮਰਜ਼ੀ ਨਾਲ ਬਦਲਾਅ ਕੀਤੇ ਸਨ। ਕਾਂਗਰਸ ਦੇ ਸ਼ਾਸਨਕਾਲ ਦੌਰਾਨ ਡਾ. ਅੰਬੇਡਕਰ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ, ਜੋ ਬਾਅਦ 'ਚ 1990 ਵਿੱਚ ਵੀ. ਪੀ. ਸਿੰਘ ਸਰਕਾਰ (ਜਿਸ ਨੂੰ ਭਾਜਪਾ ਦਾ ਬਾਹਰੀ ਸਮਰਥਨ ਸੀ) ਦੌਰਾਨ ਦਿੱਤਾ ਗਿਆ। ਕਾਂਗਰਸ ਨੇ ਆਪਣੇ 70 ਸਾਲਾਂ ਦੇ ਸ਼ਾਸਨ 'ਚ 75 ਤੋਂ ਵੱਧ ਸੰਵਿਧਾਨਕ ਤਰਮੀਮਾਂ ਕਰਕੇ ਸੰਵਿਧਾਨ ਦੇ ਮੂਲ ਢਾਂਚੇ ਨਾਲ ਛੇੜਛਾੜ ਕੀਤੀ। ਪਠਾਨਕੋਟ ਵਿਖੇ ਧੀਰੇਂਦਰ ਸ਼ਾਸਤਰੀ ਦੇ ਪ੍ਰੋਗਰਾਮ ਵਿੱਚ 'ਆਪ' ਆਗੂਆਂ ਦੀ ਸ਼ਮੂਲੀਅਤ ਬਾਰੇ ਪੁੱਛੇ ਸਵਾਲ 'ਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਲੋਕਾਂ ਦੇ ਦੁੱਖ-ਸੁੱਖ, ਕਾਰ-ਵਿਹਾਰ ਅਤੇ ਰੋਜ਼ਗਾਰ ਨਾਲ ਜੁੜੀ ਹੋਈ ਹੈ, ਨਾ ਕਿ ਅਜਿਹੀ ਮੌਕਾਪ੍ਰਸਤ ਰਾਜਨੀਤੀ ਨਾਲ। ਭ੍ਰਿਸ਼ਟਾਚਾਰ ਮਾਮਲਿਆਂ 'ਚ ਅਧਿਕਾਰੀਆਂ ਨੂੰ ਤਲਬ ਕੀਤੇ ਜਾਣ ਬਾਰੇ ਉਨ੍ਹਾਂ ਸੰਤ ਕਬੀਰ ਦਾ ਦੋਹਾ "ਜੋ ਕਰਨਗੇ ਸੋ ਭਰਨਗੇ" ਬੋਲਦਿਆਂ ਕਿਹਾ ਕਿ ਜਿਨ੍ਹਾਂ ਨੇ ਗਲਤੀ ਕੀਤੀ ਹੈ, ਉਨ੍ਹਾਂ ਨੂੰ ਨਤੀਜਾ ਭੁਗਤਣਾ ਪਵੇਗਾ।