ਮੇਘਾਲਿਆ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਨੇ ਰਾਜ 'ਚ ਰਜਿਸਟਰਡ ਚਾਰ ਸਿਆਸੀ ਪਾਰਟੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਪਾਰਟੀਆਂ ਚ ਖੂਨ ਹਿੰਨੀਵਟ੍ਰੇਪ ਨੈਸ਼ਨਲ ਅਵੇਕਨਿੰਗ ਮੂਵਮੈਂਟ (ਕੇਐਚਐਨਏਐਮ) ਵੀ ਸ਼ਾਮਲ ਹੈ, ਜਿਸਨੇ 2019 ਤੋਂ ਬਾਅਦ ਕੋਈ ਚੋਣ ਨਹੀਂ ਲੜੀ ਹੈ।
ਸੀਈਓ ਬੀਡੀਆਰ ਤਿਵਾੜੀ ਨੇ ਵੀਰਵਾਰ ਨੂੰ ਕਿਹਾ ਕਿ ਮੇਘਾਲਿਆ ਡੈਮੋਕ੍ਰੇਟਿਕ ਪਾਰਟੀ (ਐਮਡੀਪੀ), ਨੌਰਥ ਈਸਟ ਸੋਸ਼ਲ ਡੈਮੋਕ੍ਰੇਟਿਕ ਪਾਰਟੀ (ਐਨਈਐਸਡੀਪੀ) ਅਤੇ ਰੀਜਨਲ ਡੈਮੋਕ੍ਰੇਟਿਕ ਸੈਕੂਲਰ ਕਾਂਗਰਸ (ਆਰਡੀਐਸਸੀ) ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਪਾਰਟੀਆਂ ਨੂੰ 3 ਸਤੰਬਰ ਤੱਕ ਹਲਫਨਾਮਿਆਂ, ਸੰਵਿਧਾਨ ਅਤੇ ਹੋਰ ਸੰਬੰਧਿਤ ਦਸਤਾਵੇਜ਼ਾਂ ਦੇ ਨਾਲ ਲਿਖਤੀ ਰੂਪ ਵਿੱਚ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸੇ ਦਿਨ ਕਮਿਸ਼ਨ ਦੇ ਸਾਹਮਣੇ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਨਿਰਦੇਸ਼ ਵੀ ਦਿੱਤਾ ਗਿਆ ਹੈ। ਤਿਵਾੜੀ ਨੇ ਕਿਹਾ, "ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਬਿਨਾਂ ਕਿਸੇ ਹੋਰ ਨੋਟਿਸ ਦੇ ਇਨ੍ਹਾਂ ਪਾਰਟੀਆਂ ਦੀ ਰਜਿਸਟ੍ਰੇਸ਼ਨ ਰੱਦ ਕਰਨਾ ਸ਼ਾਮਲ ਹੈ।" ਇਹ ਕਾਰਵਾਈ ਇੱਕ ਸਮੀਖਿਆ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਪਾਇਆ ਗਿਆ ਕਿ ਇਨ੍ਹਾਂ ਚਾਰਾਂ ਪਾਰਟੀਆਂ ਨੇ ਪਿਛਲੇ ਛੇ ਸਾਲਾਂ ਵਿੱਚ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਵਿੱਚ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ ਹੈ।