ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਘੱਟ ਰਹੇ ਪਾਣੀ ਦੇ ਪੱਧਰ ਬਾਰੇ ਅੰਕੜੇ ਪੇਸ਼ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਹੁਣ ਡਾਰਕ ਜ਼ੋਨ ਵਿਚੋਂ ਨਿਕਲ ਚੁੱਕਾ ਹੈ ਅਤੇ ਪਾਣੀ ਦਾ ਪੱਧਰ ਥੋੜ੍ਹਾ ਵਧਿਆ ਹੈ। ਝੋਨੇ ਦੇ ਸੀਜ਼ਨ ਸਬੰਧੀ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਭਾਰਤ ਸਰਕਾਰ ਦੇ ਭੂ-ਜਲ ਦੇ ਕੁਝ ਅੰਕੜੇ ਆਏ ਹਨ, ਜੋਕਿ ਬੇਹੱਦ ਪਾਜ਼ੇਟਿਵ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਬਾਰਿਸ਼ ਘੱਟ ਹੋਣ ਕਾਰਨ ਨਹਿਰੀ ਪਾਣੀ ਪੰਜਾਬ ਦੇ ਲੋਕਾਂ ਤੱਕ ਪਹੁੰਚਿਆ ਹੈ, ਜਿਸ ਕਰਕੇ ਝਾੜ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਧਰਤੀ ਵਿਚੋਂ ਘੱਟ ਵਰਤਿਆ ਗਿਆ ਹੈ।
18 ਹਜ਼ਾਰ ਕਿਊਸਿਕ ਪਾਣੀ ਮੋਘਿਆਂ ਰਾਹੀਂ ਕੱਢ ਕੇ ਪੰਜਾਬ ਦੇ ਖੇਤਾਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਪੱਧਰ ਇਕ ਮੀਟਰ ਤੋਂ 5 ਮੀਟਰ ਤੱਕ ਵਧਿਆ ਹੈ, ਜਿਸ ਕਰਕੇ ਬਹੁਤੇ ਇਲਾਕੇ ਜਿਹੜੇ ਡਾਰਕ ਜ਼ੋਨ ਵਿਚ ਸਨ, ਉਹ ਹੁਣ ਸੇਫ਼ ਜ਼ੋਨ ਵਿਚ ਆ ਗਏ ਹਨ, ਜਿਸ ਕਰਕੇ ਪੰਜਾਬ ਡਾਰਕ ਜ਼ੋਨ ਵਿਚੋਂ ਬਾਹਰ ਆਇਆ ਹੈ। ਭਾਰਤ ਸਰਕਾਰ ਦੇ ਅੰਕੜੇ ਪੇਸ਼ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਜਿਹੜੇ ਅੰਕੜੇ ਸਾਨੂੰ ਮਿਲੇ ਹਨ, ਉਹ ਭਾਰਤ ਸਰਕਾਰ ਦੇ ਭੂ-ਜਲ ਬੋਰਡ ਦੇ ਅੰਕੜੇ ਹਨ।14 ਹਜ਼ਾਰ ਕਿਲੋਮੀਟਰ ਤੱਕ ਪਾਈਪ ਲਾਈਨ ਵਿਛਾਈ ਗਈ ਹੈ ਅਤੇ 6 ਹਜ਼ਾਰ ਕਿਲੋਮੀਟਰ ਹੋਰ ਪਾਈਪ ਵਿਛਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਦਾ ਨਾਂ ਪਾਣੀਆਂ 'ਤੇ ਹੈ, ਜਿਸ ਨੂੰ ਅਸੀਂ ਰੇਗਿਸਤਾਨ ਨਹੀਂ ਬਣਨ ਦੇਣਾ।