ਡੇਰਾਬਸੀ/ਐੱਸ.ਏ.ਐੱਸ. ਨਗਰ : ਡੇਰਾਬਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਅੱਜ ਬਲਾਕ ਸਮਿਤੀ ਡੇਰਾਬੱਸੀ ਦੇ ਨਵ-ਨਿਯੁਕਤ ਚੇਅਰਮੈਨ ਸ਼੍ਰੀ ਪ੍ਰਦੀਪ ਸਚਦੇਵਾ ਅਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਗੀਤਾ ਰਾਣੀ ਨੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਇਲਾਕੇ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ।
ਇਸ ਮੌਕੇ “ਰੰਗਲਾ ਪੰਜਾਬ” ਸਕੀਮ ਅਧੀਨ ਡੇਰਾਬਸੀ ਹਲਕੇ ਦੇ ਕਰੀਬ 50 ਪਿੰਡਾਂ ਜਿੰਨ੍ਹਾਂ ਵਿੱਚ ਆਗਾਪੁਰ, ਬਹਾਦਰਗੜ੍ਹ, ਬੈਰਮਾਜਰਾ, ਬਸੋਲੀ, ਭਗਵਾਨਪੁਰ, ਭਗਵਾਸੀ, ਭੁਖੜੀ, ਡੰਗਡੇਹਰਾ, ਧਰਮਗੜ੍ਹ, ਧੀਰੇਮਾਜਰਾ, ਫਤਿਹਪੁਰ ਜੱਟਾਂ, ਗੁਰੂਨਾਨਕ ਕਲੌਨੀ, ਹੈਬਤਪੁਰ, ਇਬਰਾਹਿਮਪੁਰ, ਈਸਾਪੁਰ ਜੰਗੀ, ਝਰਮੜੀ, ਜੋਧਪੁਰ, ਕਸੌਲੀ, ਖੇੜੀ, ਖੇੜੀ ਗੁੱਜਰਾਂ, ਕੁਰਲੀ, ਮਾਲਣ, ਮੀਰਪੁਰ, ਨਗਲਾ, ਨਿੰਬੂਆਂ, ਪੁਨਸਰ, ਰਾਮਗੜ੍ਹ ਰੁੜਕੀ, ਰਾਮਪੁਰ ਸੈਣੀਆਂ, ਰਾਣੀਮਾਜਰਾ, ਰਜਾਪੁਰ, ਸਾਧਨਗਰ ਕਲੌਨੀ, ਸੰਗੋਥਾ, ਸਿਊਲੀ, ਸ਼ਿਤਾਬਗੜ੍ਹ, ਸੀਹਪੁਰ, ਟਰੜਕ, ਮੰਡੀ ਖਜੂਰ, ਸਾਧਾਪੁਰ, ਖੇੜੀ ਜੱਟਾਂ, ਰਾਮਪੁਰ ਬਹਾਲ, ਹੰਡੇਸਰਾ, ਮਲਕਪੁਰ, ਕਕਰਾਲੀ, ਟਿਵਾਣਾ, ਜੋਲਾ ਖੁਰਦ, ਬਰੋਲੀ, ਦਫਰਪੁਰ, ਤ੍ਰਿਵੇਦੀ ਕੈਂਪ, ਪੰਡਵਾਲਾ, ਜੰਡਲੀ ਸ਼ਾਮਲ ਹਨ, ਨੂੰ ਵਿਕਾਸ ਕਾਰਜਾਂ ਲਈ ਕੁੱਲ 2.5 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਵੀ ਵੰਡੇ ਗਏ।
ਵਿਧਾਇਕ ਰੰਧਾਵਾ ਨੇ ਦੱਸਿਆ ਕਿ ਇਹ ਫੰਡ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਜਿਵੇਂ ਕਿ ਵੱਖ-ਵੱਖ ਪਿੰਡਾਂ ਦੇ ਸਮਸ਼ਾਨਘਾਟ ਲਈ ਰਸਤਾ, ਟਾਇਲਾਂ, ਸ਼ੈੱਡ, ਚਾਰਦੀਵਾਰੀ ਅਤੇ ਛੱਤ, ਧਰਮਸ਼ਾਲਾਵਾਂ ਦੇ ਵੱਖ ਵੱਖ ਕੰਮ, ਗਲੀ ਦੀਆਂ ਦੀਵਾਰਾਂ, ਸੜਕਾਂ ਦੀ ਮੁਰੰਮਤ, ਗਲੀਆਂ-ਨਾਲੀਆਂ ਦੇ ਸੁਧਾਰ, ਪੰਚਾਇਤ ਘਰ, ਪਾਰਕ, ਖੇਡ ਮੈਦਾਨ, ਕਲੋਨੀਆਂ ਦੇ ਰਸਤੇ, ਗੰਦੇਪਾਣੀ ਦੀ ਨਿਕਾਸੀ, ਕਮਿਊਨਿਟੀ ਸੈਂਟਰ ਵਿੱਚ ਬਾਥਰੂਮ, ਸਟਰੀਟ ਲਾਇਟਾਂ, ਗੁੱਗਾ ਮਾੜੀ ਵਿੱਚ ਟਾਇਲਾਂ, ਆਦਿ ਕਾਰਜਾਂ ਲਈ ਵਰਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵੱਡੇ ਪੱਧਰ ‘ਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ “ਰੰਗਲਾ ਪੰਜਾਬ” ਸਕੀਮ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾ ਮਕਸਦ ਹਰ ਪਿੰਡ ਨੂੰ ਮਾਡਲ ਪਿੰਡ ਬਣਾਉਣਾ ਹੈ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਵਿਧਾਇਕ ਰੰਧਾਵਾ ਨੇ ਨਵੇਂ ਚੁਣੇ ਗਏ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਅਪੀਲ ਕੀਤੀ ਕਿ ਉਹ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਣ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਸਾਰਿਆਂ ਨੂੰ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਿੰਡ ਦੇ ਪੰਚ, ਸਰਪੰਚ, ਸਥਾਨਕ ਆਗੂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।