ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਕ ਵਿਧਵਾ ਔਰਤ ਆਪਣੇ ਸਹੁਰੇ ਦੀ ਮੌਤ ਤੋਂ ਬਾਅਦ ਆਪਣੇ ਸਹੁਰੇ ਦੀ ਜੱਦੀ ਜਾਇਦਾਦ ਤੋਂ ਗੁਜ਼ਾਰਾ ਭੱਤਾ ਪ੍ਰਾਪਤ ਕਰਨ ਦੀ ਹੱਕਦਾਰ ਹੈ। ਇਸ ਮਾਮਲੇ ਦੇ ਸਬੰਧ ਵਿਚ ਜਸਟਿਸ ਅਨਿਲ ਖੇਤਰਪਾਲ ਅਤੇ ਜਸਟਿਸ ਹਰੀਸ਼ ਵੈਦਿਆਨਾਥਨ ਸ਼ੰਕਰ ਦੀ ਬੈਂਚ ਨੇ ਕਿਹਾ ਕਿ ਭਾਵੇਂ ਸਹੁਰੇ ਕੋਲ ਵੱਖਰੇ ਤੌਰ ’ਤੇ ਜਾਂ ਖੁਦ ਦੀ ਕਮਾਈ ਦੀ ਮਹੱਤਵਪੂਰਨ ਜਾਇਦਾਦ ਹੋਵੇ ਪਰ ਨੂੰਹ ਦੀ ਰੋਜ਼ੀ-ਰੋਟੀ ਦੀ ਜ਼ਿੰਮੇਵਾਰੀ ਸਿਰਫ ਜੱਦੀ ਜਾਇਦਾਦ ਤੋਂ ਹੀ ਪੈਦਾ ਹੁੰਦੀ ਹੈ, ਜੋ ਉਸਦੀ (ਸਹੁਰੇ ਦੀ) ਮੌਤ ਤੋਂ ਬਾਅਦ ਉਸਦੀ ਜਾਇਦਾਦ ਦਾ ਹਿੱਸਾ ਬਣ ਦਾ ਹੈ।
ਦੱਸ ਦੇਈਏ ਕਿ ਇਹ ਫ਼ੈਸਲਾ ਇਸ ਸਵਾਲ ’ਤੇ ਆਇਆ ਕਿ ਕੀ ਅਜਿਹੀ ਨੂੰਹ ਆਪਣੇ ਸਵਰਗੀ ਸਹੁਰੇ ਦੀ ਜੱਦੀ ਜਾਇਦਾਦ ਤੋਂ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਹੈ? ਹਾਈ ਕੋਰਟ ਨੇ ਕਿਹਾ ਕਿ ਹਿੰਦੂ ਗੋਦ ਲੈਣ ਅਤੇ ਰੱਖ-ਰਖਾਅ ਐਕਟ (ਐੱਚ. ਏ. ਐੱਮ. ਏ.) ਦੀ ਧਾਰਾ 19(1) ਵਿਧਵਾ ਨੂੰਹ ਨੂੰ ਆਪਣੇ ਸਹੁਰੇ ਤੋਂ ਗੁਜ਼ਾਰਾ ਭੱਤਾ ਲੈਣ ਦਾ ਦਾਅਵਾ ਕਰਨ ਦਾ ਕਾਨੂੰਨੀ ਅਧਿਕਾਰ ਪ੍ਰਦਾਨ ਕਰਦੀ ਹੈ।