ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ "ਹਰ ਸ਼ੁੱਕਰਵਾਰ ਡੇੰਗੂ 'ਤੇ ਵਾਰ ਮੁਹਿੰਮ" ਤਹਿਤ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਪੈਂਦੇ ਪਿੰਡ ਹਿਆਲਾ ਵਿਖੇ ਇਕ ਡੇੰਗੂ ਪਾਜੇਟਿਵ ਮਰੀਜ਼ ਦੇ ਘਰ ਦਾ ਦੌਰਾ ਕਰਕੇ ਉੱਥੇ ਡੇਂਗੂ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਚੈਕਿੰਗ ਕੀਤੀ ਤਾਂ ਜੋ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਸਤਵਿੰਦਰਪਾਲ ਸਿੰਘ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਰਾਕੇਸ਼ ਪਾਲ ਮੌਜੂਦ ਸਨ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਡੇੰਗੂ ਸਰਵੇ ਤੇ ਜਾਗਰੂਕਤਾ ਗਤੀਵਿਧੀਆਂ ਵਿੱਚ ਹੋਰ ਤੇਜੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਪੂਰੇ ਜ਼ਿਲ੍ਹੇ ਵਿੱਚ ਡੇਂਗੂ ਮੱਛਰ ਦੀ ਬ੍ਰੀਡਿੰਗ ਰੋਕਣ ਲਈ ਘਰ-ਘਰ ਜਾ ਕੇ ਲਾਰਵਾ ਖ਼ਤਮ ਕੀਤਾ ਜਾਵੇ। ਜਿਨ੍ਹਾਂ ਘਰਾਂ ਵਿੱਚ ਪਹਿਲੀ ਵਾਰ ਲਾਰਵਾ ਮਿਲਦਾ ਹੈ, ਉਸ ਘਰ ਨੂੰ ਵਾਰਨਿੰਗ ਲੈਟਰ ਜਾਰੀ ਕੀਤਾ ਜਾਵੇ, ਜਦੋਂਕਿ ਦੂਜੀ ਵਾਰ ਲਾਰਵਾ ਮਿਲਣ 'ਤੇ ਨਗਰ ਕੌਂਸਲ ਨਾਲ ਤਾਲਮੇਲ ਕਾਇਮ ਕਰਦੇ ਹੋਏ ਚਲਾਣ ਕਟਵਾਇਆ ਜਾਵੇ।
ਇਸ ਮੌਕੇ ਡਾ. ਸਿੰਘ ਨੇ ਪਿੰਡ ਦੇ ਲੋਕਾਂ ਨੂੰ ਡੇਂਗੂ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਘਰਾਂ, ਫਰਿੱਜਾਂ ਦੀਆਂ ਟਰੇਆਂ, ਕੰਟੇਨਰਾਂ, ਗਮਲਿਆਂ, ਛੱਤਾਂ 'ਤੇ ਪਏ ਕਬਾੜ ਆਦਿ ਸਮੇਤ ਪਾਣੀ ਖੜ੍ਹਾ ਹੋਣ ਦੀ ਸੰਭਾਵਨਾ ਵਾਲੀਆਂ ਸਾਰੀਆਂ ਸੰਭਾਵਿਤ ਥਾਵਾਂ ਨੂੰ ਹਰੇਕ ਹਫਤੇ ਸਾਫ਼ ਕਰਕੇ ਸੁਕਾਉਣ। ਉਨ੍ਹਾਂ ਨੇ ਕਿਹਾ ਕਿ ਮੱਛਰਾਂ, ਜੋ ਸਿਰਫ ਇੱਕ ਹਫ਼ਤੇ ਵਿੱਚ ਅੰਡੇ ਤੋਂ ਵਿਕਸਿਤ ਹੋ ਸਕਦੇ ਹਨ, ਦੇ ਪ੍ਰਜਨਨ ਚੱਕਰ ਨੂੰ ਤੋੜਨ ਦਾ ਇਹ ਇੱਕੋ-ਇੱਕ ਤਰੀਕਾ ਹੈ। ਘਰਾਂ ਅੰਦਰ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਹੋਣ ਕਾਰਨ ਮੱਛਰ ਦੇ ਪ੍ਰਜਣਨ ਵਿੱਚ ਹੁੰਦੇ ਵਾਧੇ ਨੂੰ ਰੋਕਣ ਦੀ ਸਖ਼ਤ ਲੋੜ ਹੈ। ਇਸ ਗਤੀਵਿਧੀ ਦਾ ਕੇਂਦਰ ਮੱਛਰਾਂ ਤੋਂ ਮੁਕਤ ਕਰਨ 'ਤੇ ਕੇਂਦਰਿਤ ਹੈ ਤਾਂ ਜੋ ਡੇਂਗੂ ਆਪਣੇ ਪੈਰ ਨਾ ਪਸਾਰ ਸਕੇ। ਘਰਾਂ ਅੰਦਰ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਨ ਕਾਰਨ ਪੈਦਾ ਹੋਈਆਂ ਬਿਮਾਰੀਆਂ 'ਤੇ ਕਾਬੂ ਪਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਪੂਰੀ ਵਾਹ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋੜੀਂਦੀਆਂ ਸਾਵਧਾਨੀਆਂ ਵਰਤ ਕੇ ਡੇਂਗੂ ਤੋਂ ਬਚਣਾ ਸਾਡੇ ਆਪਣੇ ਹੱਥਾਂ 'ਚ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਡੇਂਗੂ ਬੁਖਾਰ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।