ਨਵੀਂ ਦਿੱਲੀ : ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ ਭਾਰਤੀ ਰੇਲਵੇ ਨੇ ਯਾਤਰੀ ਰਿਜ਼ਰਵੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕਰ ਦਿੱਤਾ ਹੈ, ਜਿਸ ਨਾਲ ਵਰਤਮਾਨ ਵਿੱਚ ਪ੍ਰਤੀ ਮਿੰਟ 25,000 ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਯਾਤਰੀ ਰਿਜ਼ਰਵੇਸ਼ਨ ਸਿਸਟਮ (ਪੀ.ਆਰ.ਐਸ.) ਨੂੰ ਅਪਗ੍ਰੇਡ ਕਰਨ ਲਈ ਕੀਤੇ ਗਏ ਉਪਾਵਾਂ ਬਾਰੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਵੈਸ਼ਣਵ ਨੇ ਕਿਹਾ, "ਤਕਨੀਕੀ ਅਪਗ੍ਰੇਡੇਸ਼ਨ ਭਾਰਤੀ ਰੇਲਵੇ ਦੀ ਇੱਕ ਨਿਰੰਤਰ ਪ੍ਰਕਿਰਿਆ ਹੈ। ਵਰਤਮਾਨ ਵਿਚ, ਮੌਜੂਦਾ ਪੀ.ਆਰ.ਐਸ. ਦੀ ਬੁਕਿੰਗ ਸਮਰੱਥਾ ਲਗਭਗ 25,000 ਟਿਕਟਾਂ ਪ੍ਰਤੀ ਮਿੰਟ ਹੈ।"
ਵੈਸ਼ਨਵ ਨੇ ਕਿਹਾ ਕਿ ਭਾਰਤੀ ਰੇਲਵੇ ਨੇ ਪੀਆਰਐੱਸ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕਰ ਦਿੱਤਾ ਹੈ, ਜਿਸ ਵਿੱਚ ਹਾਰਡਵੇਅਰ, ਸਾਫਟਵੇਅਰ, ਨੈੱਟਵਰਕ ਉਪਕਰਣ, ਸੁਰੱਖਿਆ ਬੁਨਿਆਦੀ ਢਾਂਚਾ ਅਤੇ ਨਵੀਆਂ ਸਹੂਲਤਾਂ ਸ਼ਾਮਲ ਹਨ। ਵੈਸ਼ਨਵ ਨੇ ਕਿਹਾ ਕਿ ਨਵੀਂ ਪ੍ਰਣਾਲੀ ਮੌਜੂਦਾ ਨਾਲੋਂ ਚਾਰ ਗੁਣਾ ਜ਼ਿਆਦਾ ਸਮਰੱਥਾ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ, "ਅੱਪਗ੍ਰੇਡੇਸ਼ਨ ਦੇ ਕੰਮ ਲਈ 182 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।" ਵੈਸ਼ਨਵ ਨੇ ਕਿਹਾ ਕਿ ਰੇਲਵੇ ਨੇ ਹਾਲ ਹੀ ਵਿੱਚ 'ਰੇਲਵਨ ਐਪ' ਲਾਂਚ ਕੀਤਾ ਹੈ ਜਿਸ ਰਾਹੀਂ ਯਾਤਰੀ ਆਪਣੇ ਮੋਬਾਈਲ ਫੋਨਾਂ 'ਤੇ ਰਾਖਵੀਆਂ ਅਤੇ ਅਣਰਾਖਵੀਆਂ ਟਿਕਟਾਂ ਬੁੱਕ ਕਰ ਸਕਦੇ ਹਨ। ਉਨ੍ਹਾਂ ਕਿਹਾ, "ਇਸ ਨਾਲ ਯਾਤਰੀਆਂ ਦੇ ਹੱਥਾਂ ਵਿੱਚ ਪੀਆਰਐਸ ਸਹੂਲਤ ਆ ਗਈ ਹੈ।"