ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ 'ਚ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਨਾਲ ਗੋਲੀਬਾਰੀ 'ਚ ਸੂਬੇਦਾਰ ਮੇਜਰ ਪਵਨ ਕੁਮਾਰ ਦੇ ਸ਼ਹੀਦ ਹੋਣ 'ਤੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਸ਼੍ਰੀ ਗਾਂਧੀ ਨੇ ਕਿਹਾ,"ਪਾਕਿਸਤਾਨ ਵਿਰੁੱਧ ਜੰਗ ਦੌਰਾਨ 10 ਮਈ ਨੂੰ ਜੰਮੂ ਕਸ਼ਮੀਰ ਦੇ ਪੁੰਛ 'ਚ ਸੂਬੇਦਾਰ ਪਵਨ ਕੁਮਾਰ ਜੀ ਦਾ ਸ਼ਹੀਦ ਹੋਣਾ ਬੇਹੱਦ ਦੁਖਦ ਹੈ।"
ਉਨ੍ਹਾਂ ਕਿਹਾ,"ਮੈਂ ਇਸ ਔਖੇ ਸਮੇਂ 'ਚ ਸ਼ਹੀਦ ਦੇ ਸਾਰੇ ਸੋਗ ਪੀੜਤ ਪਰਿਵਾਰਕ ਮੈਂਬਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਪੂਰਾ ਦੇਸ਼ ਪਵਨ ਕੁਮਾਰ ਜੀ ਦੀ ਦੇਸ਼ ਭਗਤੀ ਅਤੇ ਸਰਵਉੱਚ ਕੁਰਬਾਨੀ 'ਤੇ ਮਾਣ ਕਰਦਾ ਹੈ।" ਸੂਬੇਦਾਰ ਮੇਜਰ ਦੀ ਮ੍ਰਿਤਕ ਦੇਹ ਐਤਵਾਰ ਨੂੰ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਉਨ੍ਹਾਂ ਦੇ ਜੱਦੀ ਪਿੰਡ ਸਿਹਾਲਪੁਰੀ ਲਿਆਂਦਾ ਗਿਆ, ਜਿੱਥੇ ਫੌਜੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਲਈ ਪੂਰਾ ਇਲਾਕਾ ਇਕੱਠਾ ਹੋਇਆ।