ਪੰਜਾਬ ਦੇ ਜਲੰਧਰ ਵਿੱਚ ਐਤਵਾਰ ਤੜਕੇ ਵਾਪਰੇ ਸੜਕ ਹਾਦਸੇ ਵਿੱਚ 2 ਦੋਸਤਾਂ ਦੀ ਮੌਤ ਹੋ ਗਈ, ਜੋ ਇੱਕ ਜਨਮਦਿਨ ਪਾਰਟੀ ਤੋਂ ਘਰ ਵਾਪਸ ਆ ਰਹੇ ਸਨ। ਮ੍ਰਿਤਕਾਂ ਦੀ ਪਛਾਣ ਦਿਵਿਤ ਓਲਕ ਅਤੇ ਆਰਵ ਤਲਵਾੜ ਵਜੋਂ ਹੋਈ ਹੈ। ਦਿਵਿਤ ਓਲਕ, ਪੰਜਾਬੀ ਮਿਊਜ਼ਿਕ ਕੰਪਨੀ 'ਸਪੀਡ ਰਿਕਾਰਡਸ' ਦੇ ਮਾਲਕ ਦਿਨੇਸ਼ ਓਲਕ ਦਾ ਪੁੱਤਰ ਅਤੇ ਗਾਇਕ 'ਯੋ ਯੋ ਹਨੀ ਸਿੰਘ' ਦਾ ਭਤੀਜਾ ਸੀ। ਜਦੋਂਕਿ ਆਰਵ ਤਲਵਾੜ 'ਪੱਪੀ ਸਵੀਟਸ' ਦੇ ਮਾਲਕ ਦਾ ਪੁੱਤਰ ਸੀ।
ਇਸ ਦਰਦਨਾਕ ਘਟਨਾ ਤੋਂ ਬਾਅਦ ਗਾਇਕ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਸਾਂਝੀ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਆਪਣੇ ਭਤੀਜੇ ਦਿਵਿਤ ਨੂੰ ਯਾਦ ਕਰਦਿਆਂ ਲਿਖਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ "ਸਭ ਤੋਂ ਕਾਲਾ ਦੌਰ" ਹੈ। ਆਪਣੇ ਭਤੀਜੇ ਨੂੰ ਗੁਆਉਣਾ ਬਹੁਤ ਹੀ ਦੁਖਦਾਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੜਕੇ ਲਗਭਗ 3 ਵਜੇ ਉਦੋਂ ਵਾਪਰਿਆ, ਜਦੋਂ ਦੋਵੇਂ ਆਪਣੇ ਦੋਸਤ ਦੀ ਜਨਮਦਿਨ ਦੀ ਪਾਰਟੀ ਤੋਂ ਫੋਕਸਵੈਗਨ ਕਾਰ ਵਿੱਚ ਘਰ ਪਰਤ ਰਹੇ ਸਨ। ਕਾਰ ਬੀ.ਐਮ.ਸੀ. ਚੌਂਕ ਤੋਂ ਬੀ.ਐਸ.ਐਫ. ਚੌਂਕ ਵੱਲ ਫਲਾਈਓਵਰ 'ਤੇ ਜਾ ਰਹੀ ਸੀ। ਇਸ ਦੌਰਾਨ ਕਾਰ, ਫਲਾਈਓਵਰ 'ਤੇ ਸਫਾਈ ਕਰ ਰਹੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਕੂੜਾ ਇਕੱਠਾ ਕਰਨ ਲਈ ਖੜ੍ਹੀ ਕੀਤੀ ਗਈ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਥਾਣਾ ਬਾਰਾਦਰੀ ਦੇ ਐਸ.ਐਚ.ਓ. ਸਾਹਿਲ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੇਹਾਂ ਨੂੰ ਕਬਜ਼ੇ ਵਿੱਚ ਲਿਆ। ਪਰਿਵਾਰਾਂ ਵੱਲੋਂ ਕੋਈ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਮ੍ਰਿਤਕ ਦੇਹਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ।