ਸਿਵਲ ਸਰਜਨ (ਵਾਧੂ ਚਾਰਜ) ਡਾ. ਰੇਣੂ ਮਿੱਤਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਖਾਂ ਦਾਨ ਮਨੁੱਖਤਾ ਦੀ ਮਹਾਨ ਸੇਵਾ ਹੈ। ਮੌਤ ਉਪਰੰਤ ਦਾਨ ਕੀਤੇ ਕੌਰਨੀਆ ਦੀ ਮਦਦ ਨਾਲ ਕੌਰਨੀਆ ਦੀ ਬਿਮਾਰੀ ਜਾਂ ਨੁਕਸ ਕਾਰਨ ਨਜ਼ਰ ਗੁਆ ਚੁੱਕੇ ਵਿਅਕਤੀਆਂ ਨੂੰ ਨਜ਼ਰ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਅੱਖਾਂ ਦਾਨ ਸਿਰਫ਼ ਮੌਤ ਤੋਂ ਬਾਅਦ ਹੀ ਕੀਤੀਆਂ ਜਾ ਸਕਦੀਆਂ ਹਨ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਦੀ ਪ੍ਰਕਿਰਿਆ ਜਿੰਨੀ ਜਲਦੀ ਹੋ ਸਕੇ, ਆਮ ਤੌਰ ’ਤੇ 6 ਤੋਂ 8 ਘੰਟਿਆਂ ਦੇ ਅੰਦਰ ਕਰਵਾਉਣੀ ਚਾਹੀਦੀ ਹੈ। ਇਸ ਲਈ ਪਰਿਵਾਰਕ ਮੈਂਬਰਾਂ ਨੂੰ ਆਪਣੇ ਪਿਆਰੇ ਦੀ ਮੌਤ ਹੋਣ ਦੀ ਸੂਰਤ ਵਿੱਚ ਤੁਰੰਤ ਸਬੰਧਤ ਆਈ ਬੈਂਕ ਜਾਂ ਅੱਖਾਂ ਦਾਨ ਸੇਵਾ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਡਾ. ਰੇਣੂ ਮਿੱਤਲ ਨੇ ਦੱਸਿਆ ਕਿ ਅੱਖਾਂ ਦਾਨ ਸਬੰਧੀ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚਸ਼ਮਾ ਲਗਾਉਣ ਜਾਂ ਅੱਖਾਂ ਦੀਆਂ ਕੁਝ ਆਮ ਸਮੱਸਿਆਵਾਂ ਹੋਣ ਨਾਲ ਵਿਅਕਤੀ ਆਪਣੇ ਆਪ ਅੱਖਾਂ ਦਾਨ ਕਰਨ ਤੋਂ ਅਯੋਗ ਨਹੀਂ ਹੋ ਜਾਂਦਾ। ਅੰਤਿਮ ਯੋਗਤਾ ਮੈਡੀਕਲ ਮਾਹਿਰਾਂ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਹੀ ਅੱਖਾਂ ਦਾਨ ਕਰਨ ਦਾ ਸੰਕਲਪ ਲੈਣ ਅਤੇ ਆਪਣੀ ਇੱਛਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਣੂ ਕਰਵਾਉਣ, ਤਾਂ ਜੋ ਮੌਤ ਉਪਰੰਤ ਉਨ੍ਹਾਂ ਦੀ ਇੱਛਾ ਅਨੁਸਾਰ ਸਮੇਂ ਸਿਰ ਅੱਖਾਂ ਦਾਨ ਦੀ ਪ੍ਰਕਿਰਿਆ ਕਰਵਾਈ ਜਾ ਸਕੇ।
ਸਿਵਲ ਸਰਜਨ (ਵਾਧੂ ਚਾਰਜ) ਨੇ ਕਿਹਾ ਕਿ ਲੋਕ NOTTO ਪੋਰਟਲ ਰਾਹੀਂ ਅੱਖਾਂ ਦਾਨ ਲਈ ਆਨਲਾਈਨ ਰਜਿਸਟ੍ਰੇਸ਼ਨ/ਸੰਕਲਪ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ 24×7 ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇੱਕ ਛੋਟਾ ਜਿਹਾ ਸੰਕਲਪ ਮੌਤ ਤੋਂ ਬਾਅਦ ਵੀ ਕਿਸੇ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆ ਸਕਦਾ ਹੈ। ਇਸ ਲਈ ਹਰੇਕ ਨਾਗਰਿਕ ਨੂੰ ਅੱਖਾਂ ਦਾਨ ਪ੍ਰਤੀ ਜਾਗਰੂਕ ਹੋਣ ਅਤੇ ਹੋਰਨਾਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨ ਦੀ ਲੋੜ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਹਰੀਸ਼ ਕਿਰਪਾਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਰਾਕੇਸ਼ ਪਾਲ, ਮਪਹਵ (ਮੇਲ) ਪਰਮਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।