ਮੋਹਾਲੀ : ਮੋਹਾਲੀ ਦੇ ਫੇਜ਼ 11 ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਆਸ਼ਕ ਨੇ ਆਪਣੀ ਪ੍ਰੇਮਿਕਾ ਦਾ ਗੱਲ ਕਰਨ ਤੋਂ ਮਨਾਂ ਕਰਨ 'ਤੇ ਗੁੱਸੇ 'ਚ ਆ ਕੇ ਸ਼ਰੇਆਮ ਕਤਲ ਕਰ ਦਿੱਤਾ। ਵਾਰਦਾਤ ਦੌਰਾਨ ਦਫ਼ਤਰ 'ਚ ਕੰਮ ਕਰਦੀ ਕੁੜੀ ਦੀ ਗਰਦਨ 'ਤੇ ਆਸ਼ਕ ਨੇ ਉਦੋਂ ਤੱਕ ਚਾਕੂ ਨਾਲ ਵਾਰ ਕੀਤੇ, ਜਦੋਂ ਤੱਕ ਪ੍ਰੇਮਿਕਾ ਦੀ ਮੌਤ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਜਿਸ ਦੀ ਪਛਾਣ ਡਿੰਪਲ (29) ਵਜੋਂ ਹੋਈ ਹੈ, ਦੇ ਚਾਕੂ ਨਾਲ ਕਰੀਬ 35 ਵਾਰ ਕੀਤੇ ਗਏ ਹਨ। ਵਾਰਤਾਤ ਨੂੰ ਅੰਜ਼ਾਮ ਦੇਣ ਮਗਰੋਂ ਸਿਰਫਿਰੇ ਆਸ਼ਕ ਨੇ ਆਪਣੇ ਆਪ 'ਤੇ ਵੀ ਚਾਕੂ ਨਾਲ ਕਈ ਵਾਰ ਕੀਤੇ ਗਏ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜ਼ਖ਼ਮੀ ਹਾਲਤ ਵਿਚ ਮੁੰਡੇ ਨੂੰ ਮੋਹਾਲੀ ਦੇ ਇਕ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਹਰਜਿੰਦਰ ਮਾਨ (34) ਵਜੋਂ ਹੋਈ ਹੈ। ਦੋਵੇਂ ਮੁੰਡਾ-ਕੁੜੀ ਪਟਿਆਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਲੜਕਾ ਅਤੇ ਲੜਕੀ ਦੋਵੇਂ ਫੇਜ਼ 11 ਦੀ ਇਕ ਨਿੱਜੀ ਕੰਪਨੀ 'ਚ ਨੌਕਰੀ ਕਰਦੇ ਸਨ। ਜਾਣਕਾਰੀ ਅਨੁਸਾਰ ਲੜਕਾ ਅਤੇ ਲੜਕੀ ਜੋ ਇਕ ਨਿੱਜੀ ਕੰਪਨੀ 'ਚ ਨੌਕਰੀ ਕਰਦੇ ਸਨ, ਪਹਿਲਾਂ ਰਿਲੇਸ਼ਨ ਵਿਚ ਸਨ। ਪਿਛਲੇ ਕੁਝ ਦਿਨਾਂ ਤੋਂ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਮਨ ਮੁਟਾਅ ਚੱਲ ਰਿਹਾ ਸੀ।
ਅੱਜ ਮੁੰਡੇ ਵਲੋਂ ਕੁੜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਨੇ ਉਸ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਮੁੰਡਾ ਗੁੱਸੇ 'ਚ ਅੱਗ ਬਬੂਲਾ ਹੋ ਗਿਆ ਅਤੇ ਉਸ ਨੇ ਕੰਪਨੀ ਦੇ ਦਫ਼ਤਰ 'ਚ ਹੀ ਚਾਕੂ ਨਾਲ ਕੁੜੀ ਦੀ ਗਰਦਨ 'ਤੇ ਕਈ ਵਾਰ ਕਰ ਦਿੱਤੇ। ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਆਸ਼ਕ ਨੇ ਕੁੜੀ ਦੀ ਹਾਲਤ ਦੇਖਦਿਆਂ ਆਪਣੇ ਆਪ ਨੂੰ ਵੀ ਖ਼ਤਮ ਕਰਨ ਦੀ ਨੀਅਤ ਨਾਲ ਆਪਣੀ ਗਰਦਨ 'ਤੇ ਚਾਕੂ ਨਾਲ ਕਈ ਵਾਰ ਕੀਤੇ। ਉਧਰ ਕੰਪਨੀ ਦੇ ਬਾਕੀ ਕਰਮਚਾਰੀ ਮੌਕੇ 'ਤੇ ਇਕੱਠੇ ਹੋਏ ਅਤੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਲੜਕੇ ਦਾ ਇਲਾਜ ਜਾਰੀ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਫੇਜ਼ 11 ਦੇ ਮੁਖੀ ਅਮਨ ਬੈਦਵਾਣ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ। ਇਸ ਦੌਰਾਨ ਫਰੈਂਸਿਕ ਮਾਹਰਾਂ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਨੇ ਖੂਨ ਦੇ ਸੈਂਪਲ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ। ਇਸ ਘਟਨਾ ਦੇ ਸਬੰਧ ਵਿਚ ਸਬੰਧੀ ਥਾਣਾ ਮੁਖੀ ਅਮਨ ਬੈਦਵਾਣ ਨੇ ਦੱਸਿਆ ਕਿ ਮੌਕੇ ਤੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ ਜਾ ਰਹੀ ਹੈ। ਘਟਨਾ ਵਾਲੀ ਜਗਾ ਦੀ ਵੀਡੀਓ ਗ੍ਰਾਫੀ ਵੀ ਕੀਤੀ ਗਈ ਹੈ। ਮ੍ਰਿਤਕ ਕੁੜੀ ਡਿੰਪਲ ਅਤੇ ਜ਼ਖ਼ਮੀ ਹਰਜਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ, ਲੜਕੀ ਦੇ ਪਰਿਵਾਰ ਵਲੋਂ ਬਿਆਨ ਦਰਜ ਕਰਵਾਉਣ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।