ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮੁਕੁਲ ਦੇਵ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਨਾਲ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। 'ਸਨ ਆਫ ਸਰਦਾਰ', 'ਆਰ... ਰਾਜਕੁਮਾਰ' ਅਤੇ 'ਜੈ ਹੋ' ਵਰਗੀਆਂ ਹਿੱਟ ਫਿਲਮਾਂ ਰਾਹੀਂ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾਉਣ ਵਾਲੇ ਮੁਕੁਲ ਦੇਵ ਨੇ 23 ਮਈ 2025 ਨੂੰ 54 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੇ ਵੱਡੇ ਭਰਾ ਅਤੇ ਮਸ਼ਹੂਰ ਅਦਾਕਾਰ ਰਾਹੁਲ ਦੇਵ ਨੇ ਅੰਤਿਮ ਸੰਸਕਾਰ ਦੀਆਂ ਸਭ ਰਸਮਾਂ ਨਿਭਾਈਆਂ।
ਇਸੇ ਦਰਮਿਆਨ ਰਾਹੁਲ ਦੇਵ ਨੇ ਛੋਟੇ ਭਰਾ ਦੇ ਦਿਹਾਂਤ ਮਗਰੋਂ ਇੰਸਟਾਗ੍ਰਾਮ 'ਤੇ ਪਹਿਲੀ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਮੁਕੁਲ ਦੀ ਇੱਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕਰਦੇ ਹੋਏ ਇੱਕ ਭਾਵੁਕ ਪੋਸਟ ਲਿਖੀ ਹੈ। ਉਨ੍ਹਾਂ ਕਿਹਾ: “ਮੁਕੁਲ ਨੂੰ ਮਿਲੇ ਪਿਆਰ ਅਤੇ ਦੁਆਵਾਂ ਲਈ ਸਭ ਦਾ ਦਿਲੋਂ ਧੰਨਵਾਦ”। ਇਸ ਪੋਸਟ 'ਤੇ ਕਈ ਕਈ ਸੈਲੀਬ੍ਰਿਟੀ ਅਤੇ ਪ੍ਰਸ਼ੰਸਕ ਮੁਕੁਲ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆਏ। ਮੁਕੁਲ ਦੇ ਅਚਾਨਕ ਚਲੇ ਜਾਣ ਨਾਲ ਸਿਰਫ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਨਹੀਂ, ਰਿਸ਼ਤੇਦਾਰ, ਦੌਸਤ ਅਤੇ ਸਾਰੇ ਚਾਹਵਾਨ ਵੀ ਗਹਿਰੇ ਦੁੱਖ 'ਚ ਹਨ।