ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਨਸ਼ਾ ਅਤੇ ਨਸ਼ੇ ਦੀ ਆਦਤ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਦੇ ਸਾਹਮਣੇ ਇਕ ਵੱਡੀ ਚੁਣੌਤੀ ਹੈ। ਉਨ੍ਹਾਂ ਨੇ ਇਸ ਸਮੱਸਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਸਮਾਜ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਸ ਦੇ ਨੌਜਵਾਨ ਨਸ਼ੇ ਅਤੇ ਨਸ਼ੇ ਦੀ ਆਦਤ ਤੋਂ ਦੂਰ ਰਹਿਣ।
ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 140ਵੇਂ ਐਪੀਸੋਡ 'ਚ ਬੋਲਦੇ ਹੋਏ ਪੀਐੱਮ ਮੋਦੀ ਨੇ ਕਿਹਾ,''ਮੈਂ ਸਭ ਤੋਂ ਪਹਿਲਾਂ ਇਕ ਅਜਿਹੇ ਵਿਸ਼ੇ 'ਤੇ ਗੱਲ ਕਰਨਾ ਚਾਹੁੰਦਾ ਹਾਂ, ਜੋ ਹੈ- ਨਸ਼ਾ, ਯਾਨੀ ਨਸ਼ੇ ਦੀ ਆਦਤ। ਅੱਜ ਦੁਨੀਆ ਭਰ 'ਚ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ ਦੀ ਚਰਚਾ ਹੋ ਰਹੀ ਹੈ। ਸਾਡੇ ਨੌਜਵਾਨ ਵੱਡੇ ਸੁਪਨੇ ਦੇਖ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ ਪਰ ਨਸ਼ਾ ਅਤੇ ਨਸ਼ੇ ਦੀ ਆਦਤ ਇਨ੍ਹਾਂ ਸੁਪਨਿਆਂ ਦੇ ਸਾਹਮਣੇ ਇਕ ਵੱਡੀ ਚੁਣੌਤੀ ਹੈ।''
ਉਨ੍ਹਾਂ ਕਿਹਾ,''ਮੈਨੂੰ ਖੁਸ਼ੀ ਹੈ ਕਿ ਅੱਜ ਦੇਸ਼ 'ਚ ਜਾਗਰੂਕਤਾ ਵਧ ਰਹੀ ਹੈ। 'ਨਸ਼ਾ ਮੁਕਤ ਯੁਵਾ ਮੁਹਿੰਮ' ਵੀ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ। ਕਈ ਅਜਿਹੇ ਪ੍ਰੇਰਨਾਦਾਇਕ ਉਦਾਹਰਣ ਸਾਹਮਣੇ ਆਏ ਹਨ, ਜਿੱਥੇ ਨੌਜਵਾਨਾਂ ਨੇ ਆਪਣੀ ਦ੍ਰਿੜ ਇੱਛਾ ਸ਼ਕਤੀ ਨਾਲ ਨਸ਼ੇ ਦੀ ਆਦਤ ਨੂੰ ਮਾਤ ਦਿੱਤੀ ਹੈ। ਉਨ੍ਹਾਂ ਨੇ ਇਕ ਕਠਿਨ ਲੜਾਈ ਲੜੀ ਅਤੇ ਉਸ ਤੋਂ ਬਾਹਰ ਨਿਕਲੇ ਹਨ। ਨਾਲ ਹੀ, ਆਪਣੇ ਜੀਵਨ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ।''
ਪ੍ਰਧਾਨ ਮੰਤਰੀ ਇਕ ਅਜਿਹੇ ਨੌਜਵਾਨ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ, ਜਿਸ ਨੇ ਨਸ਼ੇ ਦੀ ਆਦਤ ਖ਼ਿਲਾਫ਼ ਲੜਾਈ ਲੜੀ ਸੀ। ਉਸ ਵਿਅਕਤੀ ਨੇ ਪੀਐੱਮ ਮੋਦੀ ਨੂੰ ਆਪਣੀ ਕਹਾਣੀ ਸੀ ਅਤੇ ਦੱਸਿਆ ਕਿ ਕਿਵੇਂ ਉਹ ਦਿੱਲੀ ਦੇ ਸਦਨ ਬਾਜ਼ਾਰ ਇਲਾਕੇ 'ਚ ਸਕੂਲ ਦੇ ਦਿਨਾਂ 'ਚ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਗਿਆ ਸੀ।
ਉਸ ਨੌਜਵਾਨ ਨੇ ਦੱਸਿਆ,''ਮੈਂ ਘਰੋਂ ਕਿਤਾਬਾਂ, ਫੀਸ ਅਤੇ ਪਿਕਨਿਕ ਦੇ ਨਾਂ 'ਤੇ ਪੈਸੇ ਲੈਂਦਾ ਸੀ ਪਰ ਮੈਂ ਉਨ੍ਹਾਂ ਪੈਸਿਆਂ ਨੂੰ ਨਸ਼ੇ 'ਤੇ ਖਰਚ ਕਰ ਦਿੰਦਾ ਸੀ।'' ਉਸ ਨੇ ਦੱਸਿਆ,''ਬਚਪਨ 'ਚ ਜਦੋਂ ਮੇਰੇ ਪਿਤਾ ਦਾ ਦਿਹਾਂਤ ਹੋਇਆ, ਉਦੋਂ ਤੋਂ ਮੈਂ ਆਪਣੇ ਨਾਨਾ-ਨਾਨੀ ਨਾਲ ਰਹਿਣ ਲੱਗਾ ਪਰ ਇੱਥੇ ਮੈਨੂੰ ਨਸ਼ੇ ਦੀ ਆਦਤ ਲੱਗ ਗਈ। ਉਨ੍ਹਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਸੀ ਪਰ ਨਸ਼ੇ ਕਾਰਨ ਅਜਿਹਾ ਕੁਝ ਨਹੀਂ ਹੋ ਸਕਿਆ। ਕੁਝ ਸਮੇਂ ਬਾਅਦ ਮੇਰੀ ਮਾਂ ਅਤੇ ਮੇਰੀ ਨਾਨੀ ਦਾ ਵੀ ਦਿਹਾਂਤ ਹੋ ਗਿਆ। ਇਹ ਮੇਰੇ ਲਈ ਇਕ ਬਹੁਤ ਵੱਡਾ ਸਦਮਾ ਸੀ, ਕਿਉਂਕਿ ਮੇਰੀ ਦੇਖਭਾਲ ਕਰਨਾ ਵਾਲਾ ਕੋਈ ਨਹੀਂ ਬਚਿਆ ਸੀ। ਮੈਂ ਕਈ ਦਿਨ ਸੜਕਾਂ 'ਤੇ ਬਿਤਾਏ ਅਤੇ ਖਾਣ ਲਈ ਕੁਝ ਵੀ ਨਹੀਂ ਸੀ। ਮੈਂ ਭੰਡਾਰਿਆਂ ਅਤੇ ਲੰਗਰਾਂ ਦੇ ਸਹਾਰੇ ਆਪਣਾ ਗੁਜ਼ਾਰਾ ਕਰਦਾ ਸੀ। ਨਸ਼ੇ ਕਾਰਨ ਮੈਂ ਬਹੁਤ ਬੁਰਾ ਦੌਰ ਦੇਖਿਆ ਹੈ।''
ਉਸ ਨੇ ਅੱਗੇ ਕਿਹਾ,''ਅਜਿਹਾ ਲੱਗ ਰਿਹਾ ਸੀ ਜਿਵੇਂ ਮੌਤ ਮੇਰੇ ਕਰੀਬ ਆ ਰਹੀ ਹੈ ਅਤੇ ਮੈਨੂੰ ਆਪਣੇ ਨਾਲ ਲਿਜਾਉਣਾ ਚਾਹੁੰਦੀ ਹੈ ਪਰ ਮੈਂ ਅਜਿਹਾ ਨਹੀਂ ਹੋਣ ਦਿੱਤਾ।'' ਉਸ ਨੌਜਵਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਇਕ ਨਸ਼ਾਮੁਕਤੀ ਕੇਂਦਰ (ਰਿਹੈਬਿਲਿਟੇਸ਼ਨ ਸੈਂਟਰ) 'ਚ ਗਿਆ ਪਰ ਇਲਾਜ ਤੋਂ ਬਾਅਦ ਉਹ ਫਿਰ ਤੋਂ ਨਸ਼ੇ ਦੀ ਆਦਤ 'ਚ ਪੈ ਗਿਆ। ਹਾਲਾਂਕਿ ਸਮੇਂ ਦੇ ਨਾਲ ਉਹ ਇਸ ਆਦਤ ਤੋਂ ਬਾਹਰ ਨਿਕਲਣ 'ਚ ਕਾਮਯਾਬ ਰਿਹਾ। ਪੀਐੱਮ ਮੋਦੀ ਨੇ ਕਿਹਾ,''ਮੈਂ ਤੁਹਾਨੂੰ ਨਸ਼ੇ ਨੂੰ ਹਰਾਉਣ ਲਈ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਦੁਬਾਰਾ ਇਸ ਆਦਤ 'ਚ ਨਹੀਂ ਪਵੋਗੇ। ਤੁਸੀਂ ਇਹ ਸੰਕਲਪਲਵੋ ਅਤੇ ਜੋ ਵੀ ਤੁਹਾਨੂੰ ਮਿਲੇ, ਉਸ ਨੂੰ ਦੱਸੋ ਕਿ ਇਹ ਰਸਤਾ ਗਲਤ ਹੈ।'' ਉਨ੍ਹਾਂ ਅੱਗੇ ਕਿਹਾ,''ਤੁਸੀਂ ਸਾਬਿਤ ਕਰ ਦਿੱਤਾ ਹੈ ਕਿ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੈ। ਤੁਹਾਡੀਆਂ ਗੱਲਾਂ ਕਈ ਨੌਜਵਾਨਾਂ ਨੂੰ ਹਿੰਮਤ ਦੇਣਗੀਆਂ। ਪਰਿਵਾਰ ਅਤੇ ਦੇਸ਼ ਲਈ ਇਹ ਬਹੁਤ ਜ਼ਰੂਰੀ ਹੈ ਕਿ ਨੌਜਵਾਨ ਨਸ਼ੇ ਤੋਂ ਦੂਰ ਰਹਿਣ।''