ਨਵੀਂ ਦਿੱਲੀ : ਸਲਾਹ-ਮਸ਼ਵਰੇ ਸਮੇਤ ਹੋਰ ਸੇਵਾਵਾਂ ਦੇਣ ਵਾਲੀ ਕੰਪਨੀ ਡੇਲਾਇਟ ਇੰਡੀਆ ਨੇ ਕਿਹਾ ਕਿ ਮਜ਼ਬੂਤ ਘਰੇਲੂ ਬੁਨਿਆਦ ਅਤੇ ਵਧਦੇ ਗਲੋਬਲ ਮੌਕਿਆਂ ਨਾਲ ਚਾਲੂ ਵਿੱਤੀ ਸਾਲ (2025-26) ’ਚ ਭਾਰਤ ਦੀ ਆਰਥਿਕ ਵਾਧਾ ਦਰ 6.4 ਤੋਂ 6.7 ਫੀਸਦੀ ਰਹਿਣ ਦਾ ਅੰਦਾਜ਼ਾ ਹੈ।
ਹਾਲਾਂਕਿ, ਇਸ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਆਪਣੇ ਵਪਾਰ ਜੋਖਿਮ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਗਲੋਬਲ ਪੱਧਰ ’ਤੇ ਬੇਯਕੀਨੀਆਂ ਤੋਂ ਪੈਦਾ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਡੇਲਾਇਟ ਇੰਡੀਆ ਅਨੁਸਾਰ ਰਣਨੀਤੀਕ ਵਪਾਰ ਗੱਲਬਾਤ ਕਮਾਈ, ਰੋਜ਼ਗਾਰ, ਬਾਜ਼ਾਰ ਪਹੁੰਚ ਅਤੇ ਘਰੇਲੂ ਮੰਗ ਨੂੰ ਵਧਾਉਣ ਵਾਲੇ ਸ਼ਕਤੀਸ਼ਾਲੀ ਕਾਰਕਾਂ ਦੇ ਤੌਰ ’ਤੇ ਕੰਮ ਕਰੇਗੀ। ਇਸ ਗੱਲਬਾਤ ’ਚ ਬ੍ਰਿਟੇਨ ਨਾਲ ਹੋਏ ਵਪਾਰ ਸਮਝੌਤੇ ਤੋਂ ਇਲਾਵਾ ਅਮਰੀਕਾ ਦੇ ਨਾਲ ਜਾਰੀ ਗੱਲਬਾਤ ਅਤੇ ਸਾਲ ਦੇ ਆਖਿਰ ਤੱਕ ਯੂਰਪੀ ਯੂਨੀਅਨ ਨਾਲ ਚਿਰਾਂ ਤੋਂ ਉਡੀਕਿਆ ਜਾ ਰਿਹਾ ਸਮਝੌਤਾ ਸ਼ਾਮਲ ਹੈ। ਭਾਰਤ ਦੀ ਆਰਥਕ ਵਾਧਾ ਦਰ 2024-25 ’ਚ 6.5 ਫੀਸਦੀ ਰਹੀ ਸੀ।
ਡੇਲਾਇਟ ਨੇ ਕਿਹਾ ਕਿ ਇਹ ਅੰਦਾਜ਼ਾ ਮਜ਼ਬੂਤ ਘਰੇਲੂ ਮੰਗ, ਘੱਟ ਹੁੰਦੀ ਮਹਿੰਗਾਈ ਅਤੇ ਘਰੇਲੂ ਨੀਤੀ ਅਤੇ ਗਲੋਬਲ ਵਪਾਰ ਕੂਟਨੀਤੀ ’ਚ ਸਾਹਸੀ ਕਦਮ ’ਤੇ ਆਧਾਰਿਤ ਹੈ। ਡੇਲਾਇਟ ਇੰਡੀਆ ਦੀ ਅਰਥਸ਼ਾਸਤਰੀ ਰੂਮਕੀ ਮਜੂਮਦਾਰ ਨੇ ਕਿਹਾ,‘‘ਭਾਰਤ ਦੀ ਆਰਥਕ ਵਾਧਾ ਦਰ ਉਤਰਾਅ-ਚੜ੍ਹਾਅ ਵਾਲੇ ਗਲੋਬਲ ਦ੍ਰਿਸ਼ ’ਚ ਵੀ ਵੱਖ ਹੀ ਨਜ਼ਰ ਆਉਂਦੀ ਹੈ। ਸਾਡੀ ਰਫਤਾਰ ਮਜ਼ਬੂਤ ਪੂੰਜੀ ਬਾਜ਼ਾਰ, ਗਤੀਸ਼ੀਲ ਖਪਤਕਾਰ ਆਧਾਰ ਅਤੇ ਗਲੋਬਲ ਤੌਰ ’ਤੇ ਮੁਕਾਬਲੇਬਾਜ਼ੀ ਕਾਰਜਬਲ ਜ਼ਰੀਏ ਸੰਚਾਲਿਤ ਹੈ।’’
ਸਲਾਹ-ਮਸ਼ਵਰਾ ਕੰਪਨੀ ਨੇ ਕਿਹਾ ਕਿ ਭਾਰਤ ਆਪਣੀ ਗਲੋਬਲ ਵਪਾਰ ਹਾਜ਼ਰੀ ਦਾ ਵਿਸਥਾਰ ਕਰਨ ਲਈ ਰਣਨੀਤੀਕ ਕਦਮ ਉਠਾ ਰਿਹਾ ਹੈ। ਹਾਲ ਦੇ ਵਪਾਰ ਸਮਝੌਤੇ ਰਣਨੀਤੀਕ ਲਾਭ ਪ੍ਰਦਾਨ ਕਰਦੇ ਹਨ। ਇਸ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸੀ, ਡਿਜੀਟਲ ਬਦਲਾਅ ਅਤੇ ਨਵੀਨਤਾ ਆਧਾਰਿਤ ਸਟਾਰਟਅਪ ਵਰਗੇ ਖੇਤਰਾਂ ’ਚ ਦੋਪੱਖੀ ਸਹਿਯੋਗ ਹੋਰ ਜ਼ਿਆਦਾ ਹੋਣ ਦੀ ਸੰਭਾਵਨਾ ਹੈ।
ਡੇਲਾਇਟ ਨੇ ਕਿਹਾ,‘‘ਵਿੱਤੀ ਸਾਲ 2025-26 ਦੌਰਾਨ ਭਾਰਤ ਨੂੰ ਆਪਣੇ ਵਪਾਰ ਜੋਖਿਮ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਭੂ-ਸਿਆਸੀ ਬੇਯਕੀਨੀਆਂ ਦੇ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।’’
ਹਾਲ ਦੇ ਖੇਤਰੀ ਸੰਘਰਸ਼ ਅਤੇ ਮਹੱਤਵਪੂਰਨ ਖਣਿਜਾਂ ਅਤੇ ਵਿਸ਼ੇਸ਼ ਖਾਦਾਂ ’ਤੇ ਪਾਬੰਦੀਆਂ ਨਾਲ ਵਾਧਾ ਸੰਭਾਵਨਾਵਾਂ ’ਤੇ ਅਸਰ ਪੈਣ ਦਾ ਖਦਸ਼ਾ ਹੈ। ਸਲਾਹ-ਮਸ਼ਵਰਾ ਕੰਪਨੀ ਨੇ ਕਿਹਾ,‘‘ਬੇਯਕੀਨੀਆਂ ਵਿਚਾਲੇ ਭਾਰਤ ਦੀ ਵਾਧਾ ਕਹਾਣੀ ਮਜ਼ਬੂਤ ਘਰੇਲੂ ਬੁਨਿਆਦੀ ਢਾਂਚੇ ਅਤੇ ਵੱਧਦੇ ਗਲੋਬਲ ਮੌਕਿਆਂ ਨਾਲ ਅੱਗੇ ਵਧੇਗੀ।’’