ਜਲੰਧਰ : ਪੰਜਾਬ ਵਿਚ ਲਗਾਤਾਰ ਗਰਮੀ ਦਾ ਕਹਿਰ ਵੱਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਲਈ ਵੀ ਸੂਬੇ 'ਚ ਲੂ (ਹੀਟਵੇਵ) ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ 22 ਅਪ੍ਰੈਲ ਤੋਂ 26 ਅਪ੍ਰੈਲ ਤੱਕ ਦੀ ਜ਼ਿਲ੍ਹਾਵਾਰ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਮੁਤਾਬਕ ਅਗਲੇ ਕੁਝ ਦਿਨਾਂ 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ। 22 ਅਤੇ 23 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਰਹੇਗੀ ਅਤੇ ਕਿਸੇ ਵੀ ਜ਼ਿਲ੍ਹੇ ਲਈ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਉਥੇ ਹੀ 24,25 ਅਤੇ 26 ਤਾਰੀਖ਼ ਲਈ ਪੰਜਾਬ ਵਿਚ ਵਿਭਾਗ ਨੇ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਹੈ।
ਹੀਟਵੇਵ (ਲੂ) ਦੀ ਚਿਤਾਵਨੀ
24 ਅਪ੍ਰੈਲ ਤੋਂ ਸੂਬੇ ਦੇ ਦੱਖਣੀ ਅਤੇ ਪੱਛਮੀ ਹਿੱਸਿਆਂ 'ਚ ਗਰਮੀ ਦਾ ਪ੍ਰਕੋਪ ਵਧਣ ਦੀ ਸੰਭਾਵਨਾ ਹੈ। ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਲੁਧਿਆਣਾ, ਪਟਿਆਲਾ ਅਤੇ ਐੱਸ. ਏ. ਐੱਸ. ਨਗਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਲੂ (Heatwave) ਚੱਲਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 25 ਅਪ੍ਰੈਲ ਨੂੰ ਵੀ ਇਨ੍ਹਾਂ ਇਲਾਕਿਆਂ 'ਚ ਗਰਮੀ ਦੇ ਨਾਲ-ਨਾਲ ਗਰਮ ਰਾਤਾਂ (Warm Night) ਰਹਿਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਤੇਜ਼ ਹਵਾਵਾਂ ਚੱਲਣ ਦੇ ਨਾਲ ਚਮਕੇਗੀ ਬਿਜਲੀ
26 ਅਪ੍ਰੈਲ ਨੂੰ ਮੌਸਮ 'ਚ ਇਕ ਵਾਰ ਫਿਰ ਬਦਲਾਅ ਆਵੇਗਾ। ਮੌਸਮ ਵਿਭਾਗ ਨੇ ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹੇ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ 'ਚ ਗਰਜ-ਚਮਕ (Thunderstorm/Lightning) ਦੇ ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਇਸ ਦਿਨ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਇਨ੍ਹਾਂ ਦਿਨਾਂ ਦੌਰਾਨ ਲੋਕਾਂ ਨੂੰ ਅਪਡੇਟ ਰਹਿਣ ਅਤੇ ਮੌਸਮ ਅਨੁਸਾਰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਉਥੇ ਹੀ ਜੇਕਰ ਪੰਜਾਬ ਵਿਚ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਮੰਗਲਵਾਰ ਨੂੰ ਬਠਿੰਡਾ ਸਭ ਤੋਂ ਗਰਮ ਰਿਹਾ। ਇਥੇ ਵੱਧ ਤੋਂ ਵੱਧ ਤਾਪਮਾਨ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਪੰਜਾਬ ’ਚ ਦਿਨ ਦਾ ਤਾਪਮਾਨ ਆਮ ਨਾਲੋਂ 1.9 ਡਿਗਰੀ ਸੈਲਸੀਅਸ ਵੱਧ ਰਿਹਾ। ਸੋਮਵਾਰ ਦੇ ਤਾਪਮਾਨ ਦੇ ਮੁਕਾਬਲੇ ਮੰਗਲਵਾਰ ਨੂੰ 0.1 ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਭਾਗ ਨੇ ਸੂਬੇ ’ਚ 'ਲੂ' ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੌਰਾਨ ਸੂਬੇ ’ਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਦੇ ਪਾਰ ਪੁੱਜ ਸਕਦਾ ਹੈ। ਅੰਮ੍ਰਿਤਸਰ ਦਾ ਵੱਧੋ-ਵੱਧ ਤਾਪਮਾਨ 37.6 ਡਿਗਰੀ, ਲੁਧਿਆਣਾ ਦਾ 39.0 ਡਿਗਰੀ, ਪਟਿਆਲਾ ਦਾ 39.3 ਡਿਗਰੀ, ਪਠਾਨਕੋਟ ਦਾ 37.6 ਡਿਗਰੀ, ਗੁਰਦਾਸਪੁਰ ਦਾ 37.5 ਡਿਗਰੀ, ਬੱਲੋਵਾਲ ਸੌਂਖੜੀ (ਐੱਸ. ਬੀ. ਐੱਸ ਨਗਰ) ਦਾ 36.7 ਡਿਗਰੀ, ਅਬੋਹਰ (ਫਾਜ਼ਿਲਕਾ) ਦਾ 37.5 ਡਿਗਰੀ, ਫਿਰੋਜ਼ਪੁਰ ਦਾ 37.1 ਡਿਗਰੀ, ਹੁਸ਼ਿਆਰਪੁਰ ਦਾ 36.3 ਡਿਗਰੀ ਦਰਜ ਕੀਤਾ ਗਿਆ। ਮੋਹਾਲੀ ਦਾ ਵੱਧੋ-ਵੱਧ ਤਾਪਮਾਨ 36.9 ਡਿਗਰੀ, ਪਠਾਨਕੋਟ ਦਾ 36.2 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 35.6 ਡਿਗਰੀ, ਰੋਪੜ ਦਾ 36.7 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 39.2 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 35.8 ਡਿਗਰੀ ਅਤੇ ਪਟਿਆਲਾ ਦਾ 37.3 ਡਿਗਰੀ ਦਰਜ ਕੀਤਾ ਗਿਆ।