ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਨ ਵਾਲਿਆਂ ਤੇ ਮਾਲੀਏ ਨੂੰ ਚੂਨਾ ਲਾਉਣ ਵਾਲਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮਾਈਨਿੰਗ ਵਿਭਾਗ ਵੱਲੋਂ ਸਾਹਨੇਵਾਲ ਪੁਲਸ ਸਟੇਸ਼ਨ ਵਿਚ ਦਿੱਤੀ ਸ਼ਿਕਾਇਤ 'ਤੇ ਦੋ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਮੁਖ ਸਿੰਘ ਦਿਓਲ ਨੇ ਦੱਸਿਆ ਕਿ ਅੰਕਿਤ ਕੁਮਾਰ ਜੇ. ਈ. ਕਮ ਮਾਈਨਿੰਗ ਇੰਸਪੈਕਟਰ ਫ਼ਿਲੌਰ ਸਬ ਡਵੀਜ਼ਨ ਲੁਧਿਆਣਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਕਤ ਵਿਅਕਤੀ ਜੰਡਿਆਲੀ ਰੋਡ ਪਿੰਡ ਸਾਹਨੇਵਾਲ ਕਲਾਂ ਵਿਚ ਜੇ. ਸੀ. ਬੀ. ਮਸ਼ੀਨਾਂ ਤੇ ਹੋਰ ਟਿੱਪਰਾਂ ਨਾਲ ਨਾਜਾਇਜ਼ ਤੌਰ 'ਤੇ ਮਿੱਟੀ ਦੀ ਮਾਈਨਿੰਗ ਕਰ ਰਹੇ ਹਨ। ਸੂਚਨਾ ਸੱਚੀ ਤੇ ਭਰੋਸੇਯੋਗ ਹੋਣ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਪੁੱਤਰ ਸੁਖਮਿੰਦਰ ਸਿੰਘ ਵਾਸੀ ਜੰਡਿਆਲੀ ਰੋਡ ਸਾਹਨੇਵਾਲ ਵਜੋਂ ਹੋਈ ਹੈ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।