ਜ਼ੀਰਕਪੁਰ (ਅਵਤਾਰ ਸਿੰਘ ਪਾਬਲਾ) : ਜ਼ੀਰਕਪੁਰ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਬੈਠਕ ਦੌਰਾਨ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹਰਸ਼ ਰਿਸ਼ੀ ਬਾਰੇ ਕੀਤੀ ਗਈ ਕਥਿਤ ਧਾਰਮਿਕ ਟਿੱਪਣੀ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਟਿੱਪਣੀ ਵਿੱਚ ਵਰਤੇ ਗਏ ਸ਼ਬਦਾਂ ਨੂੰ ਲੈ ਕੇ ਕਾਂਗਰਸ, ਭਾਜਪਾ ਅਤੇ ਵੱਖ-ਵੱਖ ਹਿੰਦੂ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਹੈ। ਕਾਂਗਰਸੀ ਆਗੂਆਂ ਅਤੇ ਸ਼ਿਵ ਸੈਨਾ ਹਿੰਦ ਸਮੇਤ ਹੋਰ ਸੰਗਠਨਾਂ ਦਾ ਕਹਿਣਾ ਹੈ ਕਿ ਸਿਆਸੀ ਵਿਰੋਧ ਆਪਣੀ ਥਾਂ ਹੈ, ਪਰ ਕਿਸੇ ਵਿਅਕਤੀ ਦੀ ਧਾਰਮਿਕ ਆਸਥਾ ਅਤੇ ਧਾਰਮਿਕ ਸੇਵਾਵਾਂ ਨੂੰ ਲੈ ਕੇ ਟਿੱਪਣੀ ਕਰਨਾ ਉਚਿਤ ਨਹੀਂ। ਉਨ੍ਹਾਂ ਵੱਲੋਂ ਇਸ ਮਾਮਲੇ ’ਤੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਹੈ।
ਪੁਨੀਤ ਸਿੰਗਲਾ ਦਾ ਪੱਖ: ਉੱਥੇ ਹੀ ‘ਆਪ’ ਆਗੂ ਪੁਨੀਤ ਸਿੰਗਲਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵੀਡੀਓ ਦੇ ਇੱਕ ਛੋਟੇ ਹਿੱਸੇ ਨੂੰ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਪੂਰੇ ਬਿਆਨ ਨੂੰ ਸੰਦਰਭ ਤੋਂ ਹਟਾ ਕੇ ਪੇਸ਼ ਕੀਤਾ ਗਿਆ ਹੈ। ਪੁਨੀਤ ਸਿੰਗਲਾ ਨੇ ਕਿਹਾ ਕਿ ਉਹ ਖੁਦ ਸਨਾਤਨੀ ਹਨ ਅਤੇ ਧਾਰਮਿਕ ਅਸਥਾਨਾਂ ’ਤੇ ਜਾਂਦੇ ਹਨ। ਉਨ੍ਹਾਂ ਅਨੁਸਾਰ, ਕਿਸੇ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣਾ ਉਨ੍ਹਾਂ ਦਾ ਮਕਸਦ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬੋਲਣ ਦੇ ਦੌਰਾਨ ਕਹੀ ਗਈ ਗੱਲ ਦਾ ਵਿਰੋਧੀ ਧਿਰ ਵੱਲੋਂ ਵੱਖਰਾ ਅਰਥ ਕੱਢਿਆ ਜਾ ਰਿਹਾ ਹੈ। ਫਿਲਹਾਲ, ਇਸ ਮਾਮਲੇ ਨੂੰ ਲੈ ਕੇ ਦੋਵੇਂ ਪੱਖਾਂ ਵੱਲੋਂ ਆਪਣੇ-ਆਪਣੇ ਤਰਕ ਅਤੇ ਸਪੱਸ਼ਟੀਕਰਨ ਸਾਹਮਣੇ ਆ ਰਹੇ ਹਨ।