ਮੁੰਬਈ : ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਘਰਾਂ ਦੀਆਂ ਕੀਮਤਾਂ ਵਧਣ ਦੀ ਰਫਤਾਰ ਹੁਣ ਥੋੜ੍ਹੀ ਸੁਸਤ ਪੈਂਦੀ ਨਜ਼ਰ ਆ ਰਹੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜੇ ਦੱਸਦੇ ਹਨ ਕਿ ਜੁਲਾਈ-ਸਤੰਬਰ ਦੀ ਤਿਮਾਹੀ ’ਚ ਘਰਾਂ ਦੀਆਂ ਔਸਤ ਕੀਮਤਾਂ 2.2 ਫੀਸਦੀ ਵਧੀਆਂ, ਜਦੋਂਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਕੀਮਤਾਂ 7 ਫੀਸਦੀ ਵਧੀਆਂ ਸਨ।
ਆਰ. ਬੀ. ਆਈ. ਵੱਲੋਂ ਵੀਰਵਾਰ ਨੂੰ ਜਾਰੀ ਤਿਮਾਹੀ ਹਾਊਸਿੰਗ ਪ੍ਰਾਈਸ ਇੰਡੈਕਸ (ਐੱਚ. ਪੀ. ਆਈ.) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ। ਰਿਜ਼ਰਵ ਬੈਂਕ ਹਰ ਤਿਮਾਹੀ ’ਚ ਇਹ ਸੂਚਕ-ਅੰਕ ਤਿਆਰ ਕਰਦਾ ਹੈ, ਜਿਸ ਵਿਚ ਘਰਾਂ ਦੀ ਵਿਕਰੀ ਦੇ ਅਸਲ ਅੰਕੜਿਆਂ ਨੂੰ ਆਧਾਰ ਬਣਾਇਆ ਜਾਂਦਾ ਹੈ। ਇਸ ਵਾਰ ਐੱਚ. ਪੀ. ਆਈ. ਦਾ ਨਵਾਂ ਆਧਾਰ ਸਾਲ 2022-23 ਰੱਖਿਆ ਗਿਆ ਹੈ।
ਇਸ ਦੌਰਾਨ ਨਾਗਪੁਰ, ਗਾਜ਼ੀਆਬਾਦ ਤੇ ਚੰਡੀਗੜ੍ਹ ਨੇ ਘਰਾਂ ਦੀਆਂ ਕੀਮਤਾਂ ਵਧਾਉਣ ’ਚ ਖਾਸ ਯੋਗਦਾਨ ਪਾਇਆ। ਦੂਜੇ ਪਾਸੇ ਕੋਲਕਾਤਾ, ਚੇਨਈ, ਲਖਨਊ ਤੇ ਹੈਦਰਾਬਾਦ ’ਚ ਕੀਮਤਾਂ ਘਟਣ ਨਾਲ ਪੂਰੇ ਦੇਸ਼ ਦਾ ਔਸਤ ਥੋੜ੍ਹਾ ਘਟ ਕੇ 112.7 ਰਹਿ ਗਿਆ। ਤਿਮਾਹੀ ਆਧਾਰ ’ਤੇ ਵੀ ਇਸ ਸੂਚਕ-ਅੰਕ ਵਿਚ 0.6 ਫੀਸਦੀ ਦੀ ਕਮੀ ਆਈ ਹੈ।
ਇਸ ਦੇ ਪਿੱਛੇ ਕੋਲਕਾਤਾ, ਚੇਨਈ ਤੇ ਲਖਨਊ ਦਾ ਖਾਸ ਯੋਗਦਾਨ ਰਿਹਾ ਹੈ। ਇਨ੍ਹਾਂ ਅੰਕੜਿਆਂ ਵਿਚ ਮੁੰਬਈ, ਦਿੱਲੀ, ਬੈਂਗਲੁਰੂ, ਅਹਿਮਦਾਬਾਦ, ਜੈਪੁਰ, ਪੁਣੇ, ਠਾਣੇ, ਗੌਤਮ ਬੁੱਧ ਨਗਰ (ਨੋਇਡਾ) ਤੇ ਕੋਚੀ ਵਰਗੇ 18 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ।