ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਮਾਣਯੋਗ ਡਿਪਟੀ ਕਮਿਸ਼ਨਰ ਸ ਅੰਕੁਰਜੀਤ ਸਿੰਘ ਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਅੱਜ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸੁਰੱਖਿਅਤ ਪੀਣ ਯੋਗ ਪਾਣੀ ਨੂੰ ਯਕੀਨੀ ਬਣਾਉਣ ਅਤੇ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਹਫਤਾਵਾਰੀ ਅੰਤਰ-ਵਿਭਾਗੀ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਸਿਹਤ ਅਧਿਕਾਰੀਆਂ ਸਮੇਤ ਵੱਖ-ਵੱਖ ਸਹਿਯੋਗੀ ਵਿਭਾਗਾਂ ਨੂੰ ਜ਼ਿਲ੍ਹੇ ਵਿਚ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਮੁਸਤੈਦ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹੇ ਅੰਦਰ ਸਾਰੇ ਸਹਿਯੋਗੀ ਵਿਭਾਗ ਮਿਲ ਕੇ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਦੂਸ਼ਿਤ ਪਾਣੀ ਨਾਲ ਦਸਤ, ਉਲਟੀਆਂ, ਹੈਜ਼ਾ, ਪੀਲੀਆ ਵਰਗੀਆਂ ਬਿਮਾਰੀਆਂ ਦੇ ਪ੍ਰਸਾਰ ਦੀ ਸੰਭਾਵਨਾ ਵਧ ਜਾਂਦੀ ਹੈ। ਇਨ੍ਹਾਂ ਬਿਮਾਰੀਆਂ ਨੂੰ ਰੋਕਣ ਲਈ ਅੰਤਰ ਵਿਭਾਗੀ ਸਹਿਯੋਗ ਬਹੁਤ ਜ਼ਰੂਰਤ ਹੈ। ਉਨ੍ਹਾਂ ਵੱਖ-ਵੱਖ ਸਹਿਯੋਗੀ ਵਿਭਾਗਾਂ ਦੇ ਅਫਸਰਾਂ ਨਾਲ ਵਿਚਾਰ ਚਰਚਾ ਕਰਦੇ ਹੋਏ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਨਗਰ ਕੌਂਸਲ, ਏਕੀਕ੍ਰਿਤ ਬਾਲ ਵਿਕਾਸ ਵਿਭਾਗ ਤੇ ਸਿੱਖਿਆ ਵਿਭਾਗ ਸਮੇਤ ਸਾਰੇ ਸਹਿਯੋਗੀ ਵਿਭਾਗ ਆਪਸੀ ਤਾਲਮੇਲ ਰਾਹੀਂ ਬਿਮਾਰੀਆਂ ਦੀ ਰੋਕਥਾਮ ਲਈ ਤੁਰੰਤ ਉਪਾਵਾਂ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਕਰਨੀ ਯਕੀਨੀ ਬਣਾਉਣ ਤਾਂ ਜੋ ਸਮਾਂ ਰਹਿੰਦਿਆਂ ਤੁਰੰਤ ਉੱਚਿਤ ਉਪਾਵਾਂ ਰਾਹੀਂ ਇਨ੍ਹਾਂ ਬਿਮਾਰੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਅਜਿਹੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਸਮੂਹਿਕ ਜ਼ਿੰਮੇਵਾਰੀ ਦੱਸਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਮਿਊਂਸਪਲ ਕਮੇਟੀ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਹਾਈਰਿਸਕ ਖੇਤਰਾਂ ਵਿੱਚ ਪਾਣੀ ਦੀਆਂ ਲਾਈਨਾਂ ਦਾ ਨਿਯਮਤ ਸਰਵੇਖਣ ਯਕੀਨੀ ਬਣਾਏ ਤਾਂ ਜੋ ਪਾਈਪ ਲਾਈਨਾਂ ਵਿੱਚ ਪਾਣੀ ਦੀ ਕਿਸੇ ਵੀ ਲੀਕੇਜ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਏਰੀਏ ਵਿਚ ਦੂਸ਼ਿਤ ਪਾਣੀ ਦੀ ਸਮੱਸਿਆ ਹੈ ਤਾਂ ਉਸ ਏਰੀਏ ਵਿਚ ਜਦੋਂ ਤੱਕ ਪਾਣੀ ਦੇ ਦੂਸ਼ਿਤ ਹੋਣ ਦਾ ਮਸਲਾ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬਦਲਵੇਂ ਸਰੋਤ ਤੋਂ ਕੀਤੀ ਜਾਵੇ ਤਾਂ ਜੋ ਅਜਿਹੇ ਕੇਸਾਂ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ। ਹਾਈਰਿਸਕ ਖੇਤਰਾਂ ਵਿੱਚ ਪਾਣੀ ਦੇ ਸੈਂਪਲਾਂ ਦੀ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਜ਼ਿਲ੍ਹੇ ਵਿਚ ਨਿਗਰਾਨੀ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਾਈਵਾਲ ਵਿਭਾਗਾਂ ਨਾਲ ਆਪਸੀ ਤਾਲਮੇਲ ਕਰਕੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਵਿੱਚ ਰੱਖਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ, ਪੀਣ ਵਾਲੇ ਪਾਣੀ ਵਿੱਚ ਦੂਸ਼ਿਤ ਪਾਣੀ ਦੀ ਮਿਕਸਿੰਗ ਬਾਰੇ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਜਾਵੇ। ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹੱਥ ਧੋਣ ਦੀ ਵਿਧੀ ਨੂੰ ਰੋਜ਼ਮਰਾ ਜ਼ਿੰਦਗੀ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਪੇਂਡੂ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰ ਰਹੇ ਪੇਂਡੂ ਮੈਡੀਕਲ ਅਫਸਰਾਂ ਵੱਲੋਂ ਹੈਜ਼ਾ, ਗੈਸਟਰੋਐਂਟਰਾਈਟਿਸ, ਹੈਪੇਟਾਈਟਸ-ਏ ਅਤੇ ਈ ਵਰਗੀਆਂ ਸੂਚਨਾ ਦੇਣ ਯੋਗ ਬਿਮਾਰੀਆਂ ਦੀ ਰਿਪੋਰਟ ਕੀਤੀ ਜਾਵੇ। ਪਿੰਡਾਂ ਵਿੱਚ ਸਵੱਛਤਾ ਬਣਾਈ ਰੱਖਣ ਤੇ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ।