ਜਮਸ਼ੇਦਪੁਰ : ਇਸਪਾਤ ਕੰਪਨੀ ਟਾਟਾ ਸਟੀਲ ਓਡਿਸ਼ਾ ਦੇ ਕਲਿੰਗਨਗਰ ਪਲਾਂਟ ’ਚ ਉਤਪਾਦਨ ਦੌਰਾਨ ਨਿਕਲਣ ਵਾਲੀ ਗੈਸ ਦੀ ਵਰਤੋਂ ਕਰਕੇ ਹਾਈਡ੍ਰੋਜਨ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕਰੇਗੀ। ਕੰਪਨੀ ਨੇ ਇਸ ਲਈ ਅਮਰੀਕਾ ਦੀ ਯੂਟੀਲਿਟੀ ਗਲੋਬਲ ਨਾਲ ਭਾਈਵਾਲੀ ਕੀਤੀ ਹੈ। ਟਾਟਾ ਸਟੀਲ ਨੇ ਕਿਹਾ ਕਿ ਦੇਸ਼ ’ਚ ਇਸ ਤਰ੍ਹਾਂ ਦਾ ਇਹ ਪਹਿਲਾ ਪ੍ਰਾਜੈਕਟ ਹੈ।
ਦੋਵੇਂ ਕੰਪਨੀਆਂ ਪ੍ਰਸਤਾਵਿਤ ਪ੍ਰਾਜੈਕਟ ਲਈ ਸਾਂਝੇ ਤੌਰ ’ਤੇ ਫਰੰਟ-ਐਂਡ ਇੰਜੀਨੀਅਰਿੰਗ ਅਤੇ ਡਿਜ਼ਾਈਨ (ਐੱਫ. ਈ. ਈ. ਡੀ.) ਅਧਿਐਨ ਕਰਨਗੀਆਂ ਅਤੇ ਫਿਰ ਉਸ ਦੇ ਆਧਾਰ ’ਤੇ ਟਾਟਾ ਸਟੀਲ ਦਾ ਬੋਰਡ ਆਫ ਡਾਇਰੈਕਟਰਡਜ਼ ਨਿਵੇਸ਼ ਬਾਰੇ ਅੰਤਿਮ ਫ਼ੈਸਲਾ (ਐੱਫ. ਆਈ. ਡੀ.) ਲਵੇਗਾ। ਪ੍ਰਸਤਾਵਿਤ ਪਲਾਂਟ ਦੀ ਰੋਜ਼ਾਨਾ ਉਤਪਾਦਨ ਸਮਰੱਥਾ 10 ਟਨ ਹਾਈਡ੍ਰੋਜਨ ਦੀ ਹੋਵੇਗੀ। ਇਸ ’ਚ ਯੂਟੀਲਿਟੀ ਗਲੋਬਲ ਦੀ ਐੱਚ2ਜੈੱਨ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਇਸ ਤਕਨੀਕ ਰਾਹੀਂ ਇਸਪਾਤ ਉਤਪਾਦਨ ਪ੍ਰਕਿਰਿਆ ਦੌਰਾਨ ਨਿਕਲਣ ਵਾਲੀ ਗੈਸ ਤੋਂ ਉੱਚ ਸ਼ੁੱਧਤਾ ਵਾਲਾ ਹਾਈਡ੍ਰੋਜਨ ਤਿਆਰ ਕੀਤਾ ਜਾਵੇਗਾ।